ਬਾਬਾ ਨਾਨਕ
ਬਾਬਾ ਨਾਨਕ ਤੈਨੂੰ ਪੂਜਣ ਦਾ,
ਲੋਕਾਂ ਦੇ ਵਿੱਚ ਸਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।
ਤੇਰੀ ਸੋਚ ਬੜੀ ਵਿਸ਼ਾਲ ਬਾਬਾ,
ਰਹਿ ਗਈ ਵਿੱਚ ਦੀਵਾਰਾਂ ਬੰਦ ਹੋ ਕੇ।
ਜਦ ਕੁਦਰਤ ਦੇ ਸਭ ਬੰਦੇ ਨੇ,
ਦਿਲ ਰਹਿ ਗਏ ਨੇ ਕਿਉਂ ਤੰਗ ਹੋ ਕੇ।
ਏਥੇ ਨਫ਼ਰਤ ਮਨਾਂ ਚ ਜ਼ਹਿਰ ਭਰੀ,
ਬਾਬਾ ਸਿੱਖ ਸਿੱਖੀ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਖ਼ਰੀਦਾਰ ਕੋਈ ਸੱਚ ਦਾ ਨਈਂ ਦਿਸਦਾ,
ਬੋਲੀ ਝੂਠ ਦੀ ਸਿਖ਼ਰ ਤੇ ਚੜ੍ਹੀ ਹੋਈ ਐ।
ਸੱਚ ਅੰਨਿਆਂ ਦੇ ਸ਼ਹਿਰ ਚ ਵਿਕ ਜਾਵੇ,
ਕਈਆਂ ਜਾਂਨ ਤਲ਼ੀ ਤੇ ਧਰੀ ਹੋਈ ਐ।
ਨਾਂ ਕੋਈ ਪਾਰਖੂ ਨਾਂ ਕੋਈ ਮੁੱਲ ਤਾਰੇ,
ਵਿਕੇ ਝੂਠ ਕੁਫ਼ਰ ਤੇ ਕੂੜ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਬਣੇ ਕਸਬੇ ਸ਼ਹਿਰ ਵਿਰਾਨ ਏਥੇ,
ਤੇਰ ਮੇਰ ਦਿਲਾਂ ਵਿੱਚ ਘਰ ਕਰ ਗਈ।
ਭਾਵੇਂ ਵਸਣ ਕਰੌੜਾਂ ਲੋਕ ਏਥੇ,
ਦੂਰੀ ਦਿਲਾਂ ਚ ਏਨੀਂ ਏ ਸੋਚ ਸੜ ਗਈ।
ਘਿਰਨਾਂ ਊਚ- ਨੀਚ ਵਿੱਚ ਪਏ ਗਰਕੇ,
ਬੰਦਾ ਵਿੱਚ ਹੰਕਾਰ ਦੇ ਚੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਧਰਤੀ ਨਰਕ ਜੋ ਸੁਰਗ ਬਣਾਈ ਤੂੰ,
ਲੋਕਾਂ ਫਿਰ ਨਰਕ ਬਣਾ ਲਈ ਏ।
ਬ੍ਰਹਮਣ ਦਾ ਕੂੜ ਕਵਾੜ ਸਾਰਾ,
ਬਿੱਪਰ ਦੀ ਰੀਤ ਨਿਭਾ ਰਹੀ ਏ।
ਤੇਰੇ ਗਿਆਨ ਦੀ ਕਿਧਰੇ ਬਾਤ ਨਹੀਂ,
ਬ੍ਰਹਮਾਂ, ਕਿਸ਼ਨ, ਵਿਸ਼ਨ ਮਸ਼ਹੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਹੁੰਦਾ ਢੋਂਗ ਏ ਸਿਰਫ਼ ਦਿਖਾਵੇ ਦਾ,
ਬੜੇ ਲਾਊਡ ਸਪੀਕਰ ਵੱਜਦੇ ਨੇ।
ਗੁਰੂ ਘਰ ਤਿੰਨ-ਤਿੰਨ ਸ਼ਮਸ਼ਾਨ ਵੱਖਰੇ,
ਏਥੇ ਹੜ੍ਹ ਨਫ਼ਰਤ ਦੇ ਵਗਦੇ ਨੇ।
ਬੰਦੇ ਜ਼ਾਤ-ਪਾਤ ਵਿੱਚ ਗ਼ਰਕ ਗਏ,
ਜਾਤਾਂ ਦਾ ਦਿਸੇ ਹਜ਼ੂਮ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਏਥੇ ਠੱਗ ਬਦਮਾਸ਼ ਲੁਟੇਰਿਆਂ ਦੀ,
ਬਾਬਾ ਨਿੱਤ ਹੀ ਤੂਤੀ ਬੋਲਦੀ ਏ।
ਦੱਬੇ-ਕੁਚਲੇ ਹੋਏ ਮਜ਼ਲੂਮਾਂ ਦੀ,
ਕੁੱਝ ਕਹਿਣ ਤੋਂ ਵੀ ਰੂਹ ਡੋਲਦੀ ਏ।
ਭਾਈ ਲਾਲੋ ਨੂੰ ਏਥੇ ਕੋਂਣ ਜਾਣੇਂ,
ਮਲਕ ਭਾਗੋ ਦਾ ਦਿਸੇ ਖ਼ਰੂਦ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਤੇਰੇ ਨਾਂ ਤੇ ਧੰਦੇ ਚਲਦੇ ਨੇ,
ਠੱਗ ਚੋਰਾਂ ਦੀ ਭਰਮਾਰ ਬੜੀ।
ਲੇਬਲ ਅਮਿ੍ਤ ਦਾ ਜ਼ਹਿਰ ਦੀ ਬੋਤਲ,
ਕਰਦੀ ਕਾਰੋਬਾਰ ਪਈ।
ਅੰਧੇਰ ਨਗਰੀ ਚੌਪਟ ਰਾਜਾ,
ਬਾਬਾ ਸੱਚ ਤੇ ਉਤਰੇ ਕੋਂਣ ਖਰਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੈਨੂੰ ਪੂਜਣ ਵਾਲਿਆਂ ਨੇ,
ਤੇਰੀ ਗੱਲ ਕਦੇ ਵੀ ਮੰਨੀ ਨਈਂ।
ਕਹੀ ਵਾਰ-ਵਾਰ ਤੂੰ ਗੱਲ ਜਿਹੜੀ,
ਉਹ ਕਿਸੇ ਵੀ ਪੱਲੇ ਬੰਨ੍ਹੀ ਨਈਂ।
ਤੂੰ ਤੇ ਏਕੇ ਦੀ ਗੱਲ ਕਰਦਾ ਸੈਂ,
ਏਥੇ ਵੰਡੀਆਂ ਦਾ ਦਸਤੂਰ ਬੜਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੇਰਾ ਨਾਮ ਜੱਪਣ ਤੇ ਪਾਠ ਪੂਜਾ,
ਇੰਨ੍ਹਾਂ ਭਗਤੀ ਤੇਰੀ ਸਮਝ ਲਈ।
ਤੂੰ ਤੇ ਕਿਹਾ ਸੀ ਸੱਚ ਤੇ ਚੱਲਣ ਲਈ,
ਉੱਚੇ ਸੁੱਚੇ ਸ਼ੁਭ ਕਰਮ ਲਈ।
ਤੇਰੇ ਸੱਚ ਨੂੰ ਕੋਈ ਕਬੂਲਦਾ ਨਈਂ,
ਕਰਮਾਂ-ਕਾਂਡਾਂ ਵਿੱਚ ਮਗ਼ਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੂੰ ਤੇ ਨੀਚ ਨਿਮਾਣਿਆਂ ਨੂੰ,
ਲੈਅ ਲਿਆ ਸੀ ਵਿੱਚ ਕੁਲਾਵੇ ਦੇ।
ਖੰਭ ਲਾ ਕੇ ਉੱਡ ਗਈ ਪ੍ਰੀਤ ਏਥੇ,
ਲੋਕਾਂ ਦੇ ਝੂਠੇ ਦਾਅਵੇ ਨੇ।
ਏਥੇ ਸਾਂਝ ਪਿਆਰ ਦੀ ਗੱਲ ਮੁੱਕ ਗਈ,
ਬੰਦਾ-ਬੰਦੇ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੈਨੂੰ ਹੀ ਪੂਜਣ ਵਾਲਿਆਂ ਨੇ,
ਬਾਬਾ ਕੀਤੀ ਹੁਕਮ ਅਦੂਲੀ ਏ।
ਫਿਰ ਦੱਸ ਬਾਬਾ ਹਰਦਾਸਪੁਰੀ,
ਏਥੇ ਕਿਹੜੇ ਬਾਗ ਦੀ ਮੂਲੀ ਏ।
ਤੇਰਾ ਰਸਤਾ ਖੰਡੇ ਦੀ ਧਾਰ ਤਿੱਖਾ,
ਕਿਸੇ ਨੂੰ ਚੱਲਣਾਂ ਨਈਂ ਮਨਜ਼ੂਰ ਜ਼ਰਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਮਲਕੀਤ ਹਰਦਾਸਪੁਰੀ ਗਰੀਸ।
ਫੋਨ-0306947249768
ਸੱਚਾ ਸੌਦਾ
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ
ਮਲਕ ਭਾਗੋ ਦੇ ਵੰਨ ਸੁਵੰਨੇ ਖਾਣਿਆਂ ਨੂੰ ਮਾਰੀ ਸੀ ਠੋਕਰ
ਭਾਈ ਲਾਲੋ ਦੀ ਸੁੱਕੀ ਮਿੱਸੀ ਰੋਟੀ ਦਾ ਅਨੰਦ ਮਾਣਿਆ ਸੀ
ਪਰ
ਸੱਚੇ ਸੌਦੇ ਦੇ ਅਰਥ ਹੀ ਬਦਲ ਦਿੱਤੇ
ਘਰ ਘਰ ਵਿੱਚ ਚੁੱਲ੍ਹਾ ਬੱਲੇ
ਸਿਰ ਤੇ ਹਰ ਇਕ ਤੇ ਦੇ ਛੱਤ ਹੋਵੇ
ਪਿੰਡਾ ਢੱਕਣ ਲਈ ਹਰ ਇੱਕ ਕੋਲ ਵਸਤਰ ਹੋਵੇ
ਪਰ
ਅਸੀਂ ਬੁੱਧ ਹੀਣ ਬੰਦੇ
ਗੁਰਦੁਆਰੇ ਜਾ ਕੇ ਕੁਝ ਸਿੱਖਦੇ ਹੀ ਨਹੀਂ
ਅਸੀਂ ਵੱਡੇ ਵੱਡੇ ਲੰਗਰ ਹਾਲਾਂ ਦੀ ਵਿਵਸਥਾ ਕਰਦੇ ਹਾਂ
ਹਰ ਇੱਕ ਨੂੰ ਰੋਟੀ ਮਿਲੇ ਸੋਚਦੇ ਹੀ ਨਹੀਂ
ਚੜ੍ਹਾਉਂਦੇ ਹਾਂ ਮਹਿੰਗੇ ਮਹਿੰਗੇ ਪੁਸ਼ਾਕਾਂ ਵਸਤਰ
ਪਰ ਕਿਸੇ ਗ਼ਰੀਬ ਦੇ ਗਲ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੀ ਨਹੀਂ
ਇਮਾਰਤਾਂ ਹੀ ਇਮਾਰਤਾਂ ਬਣਾਉਣ ਤੇ ਜ਼ੋਰ ਹੈ
ਸੜਕਾਂ ਫੁੱਟਪਾਥਾਂ ਤੇ ਸੌਣ ਵਾਲੇ ਬੰਦਿਆਂ ਲਈ
ਸੋਚਣ ਦੀ ਲੋੜ ਹੈ
ਅਸੀਂ ਗੁਰਦੁਆਰੇ( ਸਕੂਲ) ਜਾਂਦੇ ਤਾਂ ਹਾਂ
ਬਿਸਰ ਗਈ ਸਭ ਤਾਤ ਪਰਾਈ
ਸਿਰਫ ਸੁਣ ਲੈਂਦੇ ਹਾਂ
ਅਮਲ ਨਹੀਂ ਕਰ ਪਾਉਂਦੇ ਹਾਂ
ਗੁਰੂਆਂ ਨੇ ਉਪਦੇਸ਼ ਦਿੱਤਾ ਸੀ
ਸਿੱਧਾ ਸਰਲ ਜੀਵਨ ਜਿਊਣ ਦੇ ਲਈ
ਪਰ
ਤੇਰੀ ਮੇਰੀ ਮੇਰੀ ਤੇਰੀ ਦੇ ਵਿਚੋਂ
ਅਸੀਂ ਆਪਣੇ ਆਪ ਨਹੀਂ ਕੱਢ ਪਾਏ ਹਾਂ
ਇਹ ਸੋਨਾ ਗਹਿਣੇ ਚਾਂਦੀ ਦੇ ਬਰਤਨ
ਚੰਦ ਲੋਕ ਹੀ ਭੇਟ ਕਰ ਸਕਦੇ ਨੇ
ਇਹਦੇ ਤੋਂ ਵੱਡਾ ਗ਼ਰੀਬੀ ਦਾ ਮਜ਼ਾਕ ਕੀ ਏ
ਕਰਨ ਤੇ ਉਨ੍ਹਾਂ ਦਾ ਵੀ ਦਿਲ ਤਾਂ ਕਰਦਾ ਹੋਣੈ
ਪਹਿਲਾਂ ਰੋਟੀ ਦਾ ਜੁਗਾੜ ਸੋਚਣਗੇ
ਸਾਡੇ ਦਿਖਾਵੇ ਵਿਚ ਫੰਕਸ਼ਨਾਂ ਵੇਲੇ ਦੇ ਜੂਠੇ ਖਾਣੇ ਡਸਟਬਿਨਾਂ ਵਿੱਚ
ਇਨ੍ਹਾਂ ਭੁੱਖ ਨਾਲ ਮਰਦੇ ਬੰਦਿਆਂ ਤੇ ਹੱਸਦੇ ਨੇ
ਧਰਮ ਨੇ ਤਾਂ ਧਾਰਮਿਕਤਾ ਸਿਖਾਈ
ਪਰ
ਜਿੱਥੇ ਸਾਡੀ ਭੇਟਾਂ ਨੂੰ ਨਿਵਾਜਿਆ ਨਹੀਂ ਜਾਂਦਾ
ਸਤਿਕਾਰਿਆ ਨਹੀਂ ਜਾਂਦਾ
ਸਾਡੀ ਸੇਵਾ ਦਾ ਬੋਲ ਬਾਲਾ ਨਹੀਂ ਹੁੰਦਾ
ਅਸੀਂ ਬਾਬੇ ਦੇ ਦਰ ਤੇ ਮੱਥਾ ਟੇਕਦੇ ਵੀ ਰਹਾਂਗੇ
ਸਕੂਲ ਵਿੱਚ ਜਾਵਾਂਗੇ ਤਾਂ ਸਹੀ
ਪਰ ਉਸ ਸਿੱਖਿਆ ਨੂੰ ਕਦੇ ਅਪਣਾਵਾਂਗੇ ਨਹੀਂ ।
ਸਾਰੇ ਦਿਨ ‘ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ
ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣ ਹੋਇਆ
ਜਿਉਂ ਕਰਿ ਸੂਰਜ ਨਿਕਲਿਆ
ਤਾਰੇ ਛੁਪੇ ਅੰਧੇਰ ਪਲੋਆ”
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
ਬਾਣੀ ਤੇ ਪ੍ਰਾਣੀ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਨਿੱਤ ਪੜ੍ਹਦੇ ਸੁਣਦੇ ਗੁਰੂ ਦੀ ਬਾਣੀ
ਫਿਰ ਵੀ ਦੂਸਿਤ ਹੋਏ ਧਰਤੀ ਹਵਾ ਤੇ ਪਾਣੀ
ਲਾਉਂਦੇ ਅੱਗ ਪਰਾਲੀ ਨੂੰ ਸਾੜਦੇ ਜ਼ਰੂਰੀ ਤੱਤ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਬੰਦੇ ਹੋ ਗਏ ਸੱਪਾਂ ਤੋਂ ਵੱਧ ਜ਼ਹਿਰੀ
ਧਰਮ ਦੇ ਆਗੂ ਘੁੰਮਦੇ ਵਿਚ ਕੋਰਟ ਕਚਹਿਰੀ
ਦਿੰਦੇ ਤੱਤੇ ਤੱਤੇ ਭਾਸਣ ਲਾਉਂਦੇ ਕਲੇਜੇ ਫੱਟ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਧਰਮਾਂ ਨੂੰ ਬਣਾ ਲਿਆ ਏ ਹੁਣ ਧੰਦਾ
ਠੱਗੀਆਂ ਚੋਰੀਆਂ ਕਰਨ ਤੋਂ ਨਾ ਡਰੇ ਬੰਦਾ
ਮੁਆਫ਼ ਕਰੀਂ ਮੰਨਦੇ ਨ੍ਹੀਂ ਤੇਰੀ ਦਿੱਤੀ ਹੋਈ ਮੱਤ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਜੱਗ ਜਨਣੀ ਨੂੰ ਮਾਰਦੇ ਵਿਚ ਇਹ ਕੁੱਖ
ਭਾਲਦੇ ਫਿਰ ਇਹ ਛਾਂਵਾਂ ਵੱਢ ਕੇ ਰੁੱਖ
ਕੁਲਵਿੰਦਰ ਨਾੜੂ ਖਨਾਲ ਜੋੜੇ ਤੇਰੇ ਅੱਗੇ ਹੱਥ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਕੁਲਵਿੰਦਰ ਸਿੰਘ ਨਾੜੂ
ਖਨਾਲ ਕਲਾਂ ਸੰਗਰੂਰ
ਮੋ.9781844700
ਮੈ ਰੱਜ ਗਈ – (ਭਾਗ -8)
ਭਾਈ ਨੰਦ ਲਾਲ ਕਹਿਦੇ ਸਾਰੇ ਪਦਾਰਥਾਂ ਦੀ ਸਾਰੇ ਖ਼ਜ਼ਾਨਿਆਂ ਦੀ ਚਾਬੀ ਮੇਰੇ ਸਤਿਗੁਰੂ ਕੋਲ ਆ
ਇੱਕ ਵਾਰ ਕਿਸੇ ਸਿੱਖ ਤੋਂ ਪੁੱਛਿਆ ਆਹ ਤੁਹਾਡੇ ਲੰਗਰਾਂ ਦਾ ਪੈਸੇ ਕਿਵੇ ਪੂਰਾ ਹੁੰਦਾ। ਸਿੱਖ ਭਾਵਨਾ ਵਾਲਾ ਸੀ ਕਹਿੰਦਾ ਸਾਡਾ ਬਾਬਾ ਸਦੀਆਂ ਪਹਿਲਾਂ 20 ਦੀ FD ਕਰਾ ਗਿਆ। ਉਹਦਾ ਵਿਆਜ ਈ ਨੀ ਸਾਂਭਿਆ ਜਾਦਾਂ ਸਾਡੇ ਤੋਂ।
ਤਹਿਰਾਨ( ਈਰਾਨ) ਚ ਵੱਸਦੇ ਸਿੱਖਾਂ ਤੋਂ ਸਰਕਾਰ ਨੇ ਪੁੱਛਿਆ ਤੁਸੀਂ ਆਪਣੇ ਰਹਿਬਰ ਦੀ ਕੋਈ ਖਾਸ ਖੂਬੀ ਦੱਸੋ। ਅਸੀ ਸਟੇਸ਼ਨ ਦਾ ਨਾਮ ਰੱਖਣਾ। ਸਿੱਖਾਂ ਕਿਹਾ ਸਾਡੇ ਰਹਿਬਰ ਨੇ ਦੌਲਤ ਕਦੇ ਇਕੱਠੀ ਕਰ ਕੇ ਨਹੀਂ ਰੱਖੀ। ਸਰਕਾਰ ਨੇ ਕਿਹਾ ਠੀਕ ਸਾਨੂੰ ਨਾਮ ਮਿਲ ਗਿਆ। ਤਹਿਰਾਨ ਗੁਰਦੁਆਰੇ ਦੇ ਨੇੜਿਓ ਦੀ ਮੈਟਰੋ ਰੇਲ ਲੰਘਦੀ ਆ। ਜੇੜਾ ਸਟੇਸ਼ਨ ਗੁਰਦੁਆਰੇ ਨੂੰ ਲਗਦਾ ਉਹਦਾ ਨਾਮ ਹੈ “ਦਰਵਾਜ਼ਾ-ਏ-ਦੌਲਤ”
ਕਵੀ ਸੰਤੋਖ ਸਿੰਘ ਲਿਖਦੇ ਆ ਹਜ਼ਾਰਾਂ ਬੱਚੇ ਰੋਜ਼ ਜੰਮ ਦੇ ਸਭ ਰੋਂਦੇ ਹੋਏ। ਪਰ ਜਦੋਂ ਗੁਰਦੇਵ ਪਰਗਟੇ ਤਾਂ ਹੱਸਦੇ ਹੋਏ ਜਿਵੇਂ ਕੋਈ ਮਹਿਮਾਨ ਆਵੇ ਤਾਂ ਹੱਸ ਕੇ ਮਿਲੀ ਦਾ ਮੁਖ ਤੇ ਮੁਸਕਾਨ ਸੀ। ਦੌਲਤਾਂ ਦਾਈ ਜਿਸ ਨੇ ਪ੍ਰਕਾਸ਼ ਦੇ ਸਮੇਂ ਸੇਵਾ ਕੀਤੀ ਮੁਸਲਮਾਨ ਬੀਬੀ ਸੀ ਉਹ ਵੀ ਹੈਰਾਨ ਕਿ ਏਦਾਂ ਤੇ ਕਦੇ ਹੋਇਆ ਨਹੀਂ…. ਸੈਂਕੜੇ ਬੱਚੇ ਉਹਦੇ ਹੱਥੀਂ ਜਨਮੇ ਸੀ ਦੌਲਤਾਂ ਨੂੰ ਸਮਝ ਨ ਆਵੇ ਏ ਠੀਕ ਹੋਇਆ ਹੈ ਜਾਂ ਗਲਤ ….
ਸਧਾਰਨ ਮਤਿ ਵਾਲੀ ਦਾਈ ਕਿਵੇਂ ਸਮਝ ਸਕਦੀ ਹੈ ਕਿ ਇਹ ਉ ਹੈ ਜੋ ਦੂਜਿਆਂ ਦੇ ਦੁੱਖ ਵੰਡਾਉਣ ਤੇ ਮਿਟਉਣ ਆਇਆ ਇਸਨੂੰ ਜਨਮ ਮਰਨ ਦੀ ਪੀੜਾ ਹੀ ਨਹੀਂ ਹੈ ਦੌਲਤਾਂ ਪਹਿਲੀ ਔਰਤ ਆ ਜੋ ਬਾਬੇ ਦੀ ਨਜਰ ਨਾਲ ਨਿਹਾਲੋ ਨਿਹਾਨ ਹੋਈ ਜਦੋਂ ਦੌਲਤਾਂ ਦਾਈ ਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ ਕਿਆ ਵਧਾਈਆਂ ਮਹਿਤਾ ਜੀ ਵਧਾਈਆਂ ਚੰਦ ਤੋ ਸੋਹਣਾ ਪੁੱਤ ਆਇਆ ਹੈ ਬਾਬਾ ਮਹਿਤਾ ਜੀ ਨੇ ਖ਼ੁਸ਼ੀ ਚ ਥਾਲ ਭਰ ਕੇ ਮੋਹਰਾਂ ਦਾ ਦੇਣਾ ਚਾਹਿਆ ਦੌਲਤਾਂ ਨੇ ਲੈਣ ਨ ਕਰ ਦਿੱਤੀ ਬਾਬੇ ਕਾਲੂ ਨੇ ਹੈਰਾਨ ਹੋ ਕੇ ਕਿਹਾ ਦੌਲਤਾਂ ਕੀ ਗੱਲ ਲੈਣੀਅਾਂ ਕਿਉਂ ਨਹੀਂ ?? ਜੇ ਥੋੜ੍ਹੀ ਨੇ ਤਾਂ ਦੱਸ ਹੋਰ ਕੁਝ ਲੋੜ ਹੈ ਤਾਂ ਦੱਸ ਪਰ ਨਾਹ ਨ ਕਰ ਅਜ …. ਦੌਲਤਾਂ ਨੇ ਕਿਹਾ ਮਹਿਤਾ ਜੀ ਪਤਾ ਨੀ ਤੇਰੇ ਚ ਜੀ ਆ ਮੈ ਤੇ ਵੇਖ ਦਿਆ ਹੀ ਰੱਜ ਗਈ ਸੱਚ ਜਾਣੀ ਮੇਰੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਉਹਦੇ ਦੀਦਾਰ ਨੇ ਮੈਨੂੰ ਮਾਲਾ ਮਾਲ ਕਰ ਦਿੱਤਾ ਹੈ ਅੱਜ ਤਕ ਮੈਂ ਨਾਮ ਦੀ ਦੌਲਤਾਂ ਸੀ ਤੇਰੇ ਪੁੱਤ ਦੇ ਦਰਸ਼ਨ ਕਰਕੇ ਮੈ ਸੱਚਮੁੱਚ ਦੌਲਤ ਵਾਲੀ ਹੋ ਗਈ
ਪੰਜਵੇ ਪਾਤਸ਼ਾਹ ਦੇ ਬਚਨ ਆ
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥
ਨੋਟ ਅਕਸਰ ਸਿੱਖ ਪ੍ਰਚਾਰਕ ਅਾੰਦੇ ਸੁਣੀ ਦੇ ਕੱਲੇ ਦਰਸ਼ਨਾਂ ਨਾਲ ਕੁਝ ਨਹੀਂ ਹੋਣਾ ਪਰ ਦੌਲਤਾਂ ਦਰਸ਼ਨਾਂ ਨਾਲ ਹੀ ਦੌਲਤ ਵਾਲੀ ਹੋ ਜਾਂਦੀ ਕੋਈ ਉਪਦੇਸ਼ ਨੀ ਸੁਣਿਆ ਇਹ ਸਾਖੀ ਆ ਪੰਗਤੀ ਅ (ਹੋਰ ਵੀ ਬਹੁਤ) ਦਰਸ਼ਨਾ ਦੀ ਮਹਿਮਾ ਬਿਆਨ ਦੀ ਕਰਤੀਆ ਅਸਲ ਚ ਗੱਲ ਮਾਨਸਿਕ ਅਵਸਥਾ ਦੀ …..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਅਠਵੀ ਪੋਸਟ
ਇਤਿਹਾਸ – ਪ੍ਰਕਾਸ਼ ਦਿਹਾੜਾ ਸਤਿਗੁਰੂ ਨਾਨਕ ਦੇਵ ਜੀ (ਭਾਗ-7)
ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਕੱਤੇ ਦੀ ਪੁੰਨਿਆ ਸੰਮਤ ੧੫੨੬ (1469ਈ:) ਨੂੰ ਮਾਤਾ ਤ੍ਰਿਪਤਾ ਜੀ ਦੇ ਪਾਵਨ ਕੁੱਖੋ ਬਾਬਾ ਮਹਿਤਾ ਕਾਲੂ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ (ਹੁਣ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ) ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਜਿਸ ਦਿਨ ਤੋਂ ਮਾਤਾ ਜੀ ਨੇ ਗਰਭ ਧਾਰਨ ਕੀਤਾ ਮਾਤਾ ਜੀ ਦਾ ਚੇਹਰਾ ਨੂਰਾਨੀ ਹੋ ਗਿਆ। ਸਤਿਗੁਰੂ ਜੀ ਦੋ ਪਹਿਰ ਇੱਕ ਡੇਢ ਘੜੀ ਰਾਤ ਗਈ ਤੇ (ਭਾਵ ਰਾਤ 12:30 ਤੋ 01:00 ਦੇ ਵਿਚ ) ਜਗਤ ਵਿੱਚ ਪ੍ਰਗਟ ਹੋਏ। ਪੁੰਨਿਆ ਦੀ ਰਾਤ ਹੋਣ ਕਰਕੇ ਇੱਕ ਚੰਦ ਬਾਹਰ ਅਸਮਾਨ ਚ ਚੜਿਆ ਸੀ। ਜਿੰਨਾ ਰਾਤ ਦਾ ਹਨੇਰਾ ਘਟਦਾ ਪਰ ਅੱਜ ਇਕ ਹੋਰ ਚੰਨ ਚੜ੍ਹਿਆ ਜੋ ਤਪਦੇ ਹਿਰਦਿਆਂ ਨੂੰ ਠਾਰਨ ਤੇ ਰੁਸ਼ਨਉਣ ਆਇਆ।
ਕਮਰੇ ਚ ਅੱਠ ਦੀਵੇ ਜਗਦੇ ਸੀ ਪਰ ਸਤਿਗੁਰਾਂ ਦੇ ਪ੍ਰਗਟ ਹੁੰਦਿਆ ਹੀ ਸਾਰੇ ਦੀਵਿਆਂ ਦੀ ਰੋਸ਼ਨੀ ਘੱਟ ਗਈ ਜੇ ਕੋਈ ਕਹੇ ਏ ਕਿਵੇਂ ਹੋ ਸਕਦਾ ਹੈ? ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਦਿਨ ਸੂਰਜ ਚੜ੍ਹਿਆਂ ਦੀਵੇ ਦੀ ਰੋਸ਼ਨੀ ਘਟ ਜਾਂਦੀ ਆ ਤਾਂ ਜਿਥੇ ਆਪ ਨਾਰਾਇਣ ਕਲਾ ਧਾਰ ਕੇ ਪ੍ਰਗਟ ਹੋਇਆ ਹੋਵੇ ਉਥੇ ਦੀਵਿਆਂ ਦੀ ਲੋਅ ਕੀ ਸ਼ੈਅ ਆ … ਭਾਈ ਗੁਰਦਾਸ ਜੀ ਨੇ ਵੀ ਗੁਰੂ ਸਾਹਿਬ ਦੇ ਅਵਤਾਰ ਸਮੇ ਉਦਾਹਰਣ ਸੂਰਜ ਦੀ ਦਿੱਤੀ ਹੈ ਜਿਵੇ ਸੂਰਜ ਚੜ੍ਹਿਆਂ ਧੁੰਦ ਤੇ ਹਨੇਰਾ ਮਿਟ ਜਾਂਦਾ ਹੈ ਤਾਰੇ ਛੁਪ ਜਾਂਦੇ ਨੇ ਸਤਿਗੁਰਾਂ ਦਾ ਆਗਮਨ ਏਸੇ ਤਰ੍ਹਾਂ ਸੀ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਹਜ਼ਾਰਾਂ ਬੱਚੇ ਰੋਜ਼ ਜੰਮ ਦੇ ਅ ਸਭ ਰੋਂਦੇ ਹੋਏ ਪਰ ਜਦੋਂ ਗੁਰਦੇਵ ਪਰਗਟ ਹੋਏ ਤਾਂ ਹੱਸਦੇ ਹੋਏ ਜਿਵੇਂ ਕੋਈ ਪ੍ਰਹੁਣਾ ਆਵੇ ਤਾਂ ਹੱਸ ਕੇ ਮਿਲਦਾ ਮੁਖ ਤੇ ਮੁਸਕੁਰਾਹਟ ਸੀ ਦੌਲਤਾਂ ਦਾਈ ਜਿਸ ਨੇ ਪ੍ਰਕਾਸ਼ ਦੇ ਸਮੇਂ ਸੇਵਾ ਕੀਤੀ ਉਹ ਵੀ ਹੈਰਾਨ ਕਿ ਏਦਾਂ ਤੇ ਕਦੇ ਹੋਇਆ ਨਹੀਂ…. ਸੈਂਕੜੇ ਬੱਚੇ ਉਹਦੇ ਹੱਥੀਂ ਜਨਮੇ ਸੀ ਦੌਲਤਾਂ ਨੂੰ ਸਮਝਾਵੇ ਨ ਆਵੇ ਏ ਠੀਕ ਹੋਇਆ ਹੈ ਜਾਂ ਗਲਤ …. ਕਵੀ ਜੀ ਕਹਿੰਦੇ ਸਧਾਰਨ ਮਤਿ ਵਾਲੀ ਦਾਈ ਕਿਵੇਂ ਸਮਝ ਸਕਦੀ ਹੈ ਕਿ ਇਹ ਉਹ ਹੈ ਜੋ ਦੂਜਿਆਂ ਦੇ ਦੁੱਖ ਵੰਡਾਉਣ ਤੇ ਮਿਟਉਣ ਆਇਆ ਇਸਨੂੰ ਜਨਮ ਮਰਨ ਦੀ ਪੀੜਾ ਹੀ ਨਹੀਂ ਹੈ ਜਦੋਂ ਦੌਲਤਾਂ ਦਾਈ ਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ ਕਿਆ ਵਧਾਈਆਂ ਜੀ ਵਧਾਈਆਂ ਚੰਦ ਤੋ ਸੋਹਣਾ ਪੁੱਤ ਆਇਆ ਹੈ ਸਾਰੇ ਪਾਸੇ ਖ਼ੁਸ਼ੀਆਂ ਮਨਾਈਆਂ ਗਈਆਂ ਰਿਵਾਜਾਂ ਅਨੁਸਾਰ ਜਨਮ ਪੱਤਰੀ ਵੀ ਲਿਖਾਈ ਗਈ ਜੋ ਪੰਡਤ ਹਰਦਿਆਲ ਨੇ ਤਿਆਰ ਕੀਤੇ ਨਾਮ ਰੱਖਿਆ ਨਾਨਕ
ਕਵੀ ਸੰਤੋਖ ਸਿੰਘ ਜੀ ਨਾਨਕ ਨਾਮ ਦੇ ਦੋ ਅਰਥ ਕੀਤੇ ਆ
ਪਹਿਲਾ “ਨਾ ਅਨਕ” ਜਿਸ ਵਿੱਚ ਅਨੇਕਤਾ ਨਹੀਂ
ਦੂਸਰਾ “ਨ ਅਨ ਅਕ” ਜਿਸ ਨੂੰ ਕੋਈ ਦੁੱਖ ਨਹੀਂ ਪੀੜਾ ਨਹੀ ਉ ਹੈ ਨਾਨਕ ਸਤਿਗੁਰੂ ਨਾਨਕ ਪਾਤਸ਼ਾਹ (ਨਾਂ ਦੀ ਬੜੀ ਲੰਭੀ ਵਿਖਿਆ ਹੋ ਸਕਦੀ )
ਬਾਬਾ ਨਾਨਕ ਜੀ ਦੀ ਇਕ ਭੈਣ ਸੀ ਨਾਨਕੀ ਜੀ ਜੋ ਉਮਰ ਚ ਪੰਜ ਸਾਲ ਵੱਡੀ ਸੀ ਜਨਮਸਾਖੀ ਚ ਲਿਖਿਆ ਹੈ ਬਾਬਾ ਜੀ ਨੇ ਕਦੇ ਰੋ ਕੇ ਦੁੱਧ ਨਹੀਂ ਮੰਗਿਆ ਜਦੋਂ ਮਾਂ ਨੇ ਪਿਆ ਦਿੱਤਾ ਤੇ ਜਿੰਨਾ ਪਿਆਰ ਦਿੱਤਾ ਪੀ ਲੈਣਾ ਭੈਣ ਭਰਾ ਕਦੇ ਖਿਡੌਣਿਆਂ ਤੋਂ ਖੇਡਾਂ ਤੋਂ ਲੜੇ ਵੀ ਨਹੀਂ ਥੋੜ੍ਹੇ ਵੱਡੇ ਹੋਏ ਤੇ ਬਾਹਰ ਬੱਚਿਆਂ ਨਾਲ ਖੇਡਣ ਜਾਣ ਲੱਗ ਪਏ ਕਦੇ ਕਿਸੇ ਨਾਲ ਝਗੜਾ ਨਹੀ ਕੀਤਾ ਕਦੇ ਕਿਸੇ ਨੂੰ ਗਾਲ੍ਹ ਨੀ ਕੱਢੀ ਬੱਚਿਆਂ ਦੇ ਨਾਲ ਏਦਾ ਗੱਲਾਂ ਕਰਦੇ ਜਿਵੇ ਕੋਈ ਵਿਦਵਾਨ ਬੈਠ ਕੇ ਸਿੱਖਿਆ ਦੇਣ ਡਿਆ ਹੋਵੇ ਆਮ ਹੀ ਆਏ ਗਏ ਸਾਧੂ ਸੰਤਾਂ ਨੂੰ ਮਿਲਦੇ ਤੇ ਘਰੋ ਭਾਂਡਾ ਜਾਂ ਹੋਰ ਸ਼ੈਅ ਚੁੱਕ ਕੇ ਲੋੜਵੰਦ ਨੂੰ ਫੜਾ ਦਿੰਦੇ
ਥੋੜੇ ਵੱਡੇ ਹੋਏ ਗੋਪਾਲ ਪਾਂਧੇ ਕੋਲ ਪੜ੍ਹਨ ਦੇ ਲਈ ਭੇਜਿਆ ਜੋ ਪਾਂਧੇ ਨੇ ਪੜ੍ਹਾਇਆ ਥੋੜ੍ਹੇ ਦਿਨਾਂ ਚ ਪੜ੍ਹ ਲਿਆ ਪਾਂਧੇ ਨੇ ਫੱਟੀ ਲਿਖਣ ਲਈ ਕਿਹਾ ਅੈਹੋ ਜਹੀ ਪੱਟੀ ਲਿਖੀ ਜਿਸ ਨੂੰ ਪੜ੍ਹ ਕੇ ਪਾਂਧਾ ਜੀ ਨੇ ਸਿਰ ਝੁਕਾ ਦਿੱਤਾ ਸਾਰੀ ਪਟੀ ਬਾਣੀ ਗੁਰੂ ਗ੍ਰੰਥ ਸਾਹਿਬ ਚ 432 ਅੰਗ ਤੇ ਦਰਜ ਹੈ
ਸੰਸਕ੍ਰਿਤ ਪੜ੍ਹਨ ਦੇ ਲਈ ਪੰਡਤ ਬ੍ਰਿਜ ਨਾਥ ਕੋਲ ਬਠਾਇਆ ਫ਼ਾਰਸੀ ਮੁੱਲਾਂ ਕੁਤਬਦੀਨ ਕੋਲੋਂ ਪੜੀ ਦੋਨਾਂ ਨੇ ਸਿਰ ਝੁਕਾਏ
ਦੱਸ ਕ ਸਾਲ ਦੀ ਉਮਰ ਹੋਈ ਸਮੇਂ ਦੇ ਰਿਵਾਜ ਅਨੁਸਾਰ ਬਾਬਾ ਕਾਲੂ ਜੀ ਨੇ ਜਨੇਊ ਪਵਉਣ ਲਈ ਘਰ ਸਾਰੀ ਤਿਆਰੀ ਕੀਤੀ ਰਿਸ਼ਤੇਦਾਰ ਸੱਦੇ ਪੰਡਤ ਹਰਦਿਆਲ ਆਇਆ ਜਦੋ ਜਨੇਊ ਪਉਣ ਲੱਗੇ ਤਾਂ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਪੰਡਿਤ ਨੂੰ ਸਮਝਾਉਂਦਿਆਂ ਜੋ ਸਲੋਕ ਉਚਾਰੇ ਉ
ਆਸਾ ਦੀ ਵਾਰ ਚ ਦਰਜ ਆ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਉ ਜੀਅ ਕਾ ਹਈ ਤ ਪਾਡੇ ਘਤੁ ॥
ਮੱਝਾਂ ਚਾਰਨ ਦੇ ਲਈ ਵੀ ਜਾਂਦੇ ਰਹੇ ਅਸਥਾਨ ਹੈ ਗੁ: ਕਿਆਰਾ ਸਾਹਿਬ ਪਿਤਾ ਦੇ ਹੁਕਮ ਨਾਲ ਵਪਾਰ ਕਰਨ ਲਈ 20 ਰੁਪਏ ਲੈ ਕੇ ਚੂਹੜਕਾਣੇ ਪਿੰਡ ਵੀ ਗਏ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕੀਤਾ
ਜਦੋ ਸੁਲਤਾਨਪੁਰ ਭੈਣ ਨਾਨਕੀ ਜੀ ਦੇ ਕੋਲ ਆਏ ਤਾਂ ਦੌਲਤ ਖਾਂ ਦੇ ਮੋਦੀਖਾਨੇ ਦੀ ਨੌਕਰੀ ਕੀਤੀ 13 13 ਤੋਲਿਆ ਅਸਥਾਨ ਹੈ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਰਹਿੰਦਿਆਂ ਭਾਈਆ ਜੈਰਾਮ ਤੇ ਭੈਣ ਨਾਨਕੀ ਜੀ ਨੇ ਰਿਸ਼ਤਾ ਕਰਾਇਆ ਕਰੀਬ ਕਰੀਬ 18 ਕ ਸਾਲ ਦੀ ਉਮਰੇ ਗੁਰੂ ਬਾਬੇ ਦਾ ਵਿਆਹ ਬਾਬੇ ਮੂਲੇ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ (ਕੁਝ ਲਿਖਤਾਂ ਚ ਆਨੰਦ ਕਾਰਜ ਤਲਵੰਡੀ ਰਹਿੰਦੇ ਹੋਣਾ ਲਿਖਿਆ) ਸਮੇਂ ਨਾਲ ਘਰ ਦੋ ਪੁੱਤਾਂ ਨੇ ਜਨਮ ਲਿਆ ਵੱਡੇ ਬਾਬਾ ਸ੍ਰੀ ਚੰਦ ਛੋਟੇ ਬਾਬਾ ਲਖਮੀ ਦਾਸ ਸੁਲਤਾਨਪੁਰ ਹੀ ਰਹਿੰਦਿਆਂ ਵੇਈਂ ਚ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹੇ ਜਦੋ ਪ੍ਰਗਟ ਹੋਏ ਉੱਚੀ ਆਵਾਜ਼ ਵਿੱਚ ਬੋਲੇ “ਨਾ ਕੋ ਹਿੰਦੂ ਨਾ ਮੁਸਲਮਾਨ” ਫਿਰ ਸਤਿਗੁਰੂ ਜੀ ਨੇ ਦੇਖਿਆ ਸਭ ਪ੍ਰਿਥਵੀ ਵਿਕਾਰਾਂ ਚ ਸੜ ਡਈ ਆ ਅਕਾਲ ਪੁਰਖ ਦੇ ਹੁਕਮ ਨਾਲ ਸਭ ਨੂੰ ਸੋਧਣ ਦੇ ਲਈ ਚੱਲ ਪਏ ਭਾਈ ਗੁਰਦਾਸ ਜੀ ਦੇ ਬੋਲਾਂ ਚ
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥….
ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥
ਚਾਰ ਉਦਾਸੀਆਂ ਕੀਤੀਆਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਅਨੁਸਾਰ 82000 km ਤੋ ਵੱਧ ਸਫਰ ਕੀਤਾ ਲਗਪਗ ਸਾਰਾ ਸਫ਼ਰ ਪੈਦਲ ਤੈਅ ਕੀਤਾ ਘਰ ਘਰ ਚ ਗੁਰੂ ਬਾਬੇ ਨੇ ਜਾ ਕੇ ਸੱਚ ਦਾ ਹੋਕਾ ਦਿੱਤਾ ਹਿੰਦੂ ,ਮੁਸਲਮਾਨ, ਜੋਗੀ, ਸੂਫੀ,ਬੋਧੀ ਜੈਨੀ, ਰਾਖਸ਼, ਠੱਗ, ਚੋਰ ,ਗਰੀਬ ਅਮੀਰ ਦੇਵ ਦਾਨਵ ਰਾਜੇ ਪਰਜਾ ਚਾਰ ਵਰਨ ਚਾਰ ਮਜਹਬਾਂ ਆਦਿਕ ਸਭ ਨੂੰ ਇਕ ਦੇ ਨਾਲ ਜੋੜਿਆ ਇਕ ਦੀ ਗੱਲ ਕੀਤੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਉਪਦੇਸ ਦਿਤਾ
ਚਾਰੈ ਪੈਰ ਧਰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਸਫਰ ਚ ਸਤਿਗੁਰਾਂ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਤਲਵੰਡੀ ਤੋ ਹੀ ਨਾਲ ਰਹੇ ਰਬਾਬੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਈ ਵਾਰ ਹੋਰ ਵੀ ਸਾਥੀ ਜੁੜ ਜਾਂਦੇ ਜਿਵੇਂ ਭਾਈ ਮੁੂਲਾ ਜੀ ਭਾਈ ਸੈਦੂ ਘੇਊ ਦਾ ਜਿਕਰ ਆ
ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਜੋ ਨਹੀਂ ਕਰਦੇ ਉ ਜਪੁਜੀ ਸਾਹਿਬ ਦਾ ਪਾਠ ਕਰਨ ਜੋ ਪਹਿਲਾਂ ਕਰਦੇ ਨੇ ਉ ਵੱਧ ਬਾਣੀ ਪੜਣ ਜੋ ਨਹੀਂ ਬਾਣੀ ਪੜ੍ਹ ਸਕਦੇ ਕੁਝ ਸਮਾਂ ਕੀਰਤਨ ਜਾਂ ਗੁਰਮੰਤਰ (ਵਾਹਿਗੁਰੂ ) ਦੇ ਨਾਲ ਜ਼ਰੂਰ ਜੁੜਣ
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥
ਜਗਤ ਗੁਰੂ ਗ਼ਰੀਬ ਨਿਵਾਜ਼ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਨਾਰਾਇਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖਾਂ ਕਰੋੜਾ ਵਧਾਈਆਂ ਹੋਣ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਸਤਵੀ ਪੋਸਟ
ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ – (ਭਾਗ-6)
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋ ਸਿੱਧ ਮੰਡਲੀ ਨੂੰ ਮਿਲੇ ਤਾ ਸਿਧਾਂ ਦੇ ਗੁਰੂ ਗੋਰਖਨਾਥ ਨੇ ਕਈ ਸਵਾਲ ਕੀਤੇ। ਇੱਕ ਵਾਰਤਾ ਇਸ ਤਰਾਂ ਹੈ
ਗੋਰਖ ਨੇ ਕਿਆ ਹੇ ਨਾਨਕ ਤੁਸੀ ਜੋਗ ਦਾ ਭੇਖ ਧਾਰੋ ਗੁਰੂ ਵਾਲੇ ਬਣੋ ਨ-ਗੁਰੇ ਦੀ ਗਤਿ ਨਹੀ।
ਗੁਰੂ ਬਾਬੇ ਨੇ ਕਿਹਾ ਗੋਰਖ ਅਸੀਂ ਤੇ ਪਹਿਲਾਂ ਹੀ ਗੁਰੂ ਵਾਲੇ ਹਾਂ ਨਿਗੁਰੇ ਨਹੀਂ।
ਗੋਰਖ ਨੇ ਕਿਹਾ ਕੌਣ ਹੈ ਤੇਰਾ ਗੁਰੂ ? ਆਪਣੇ ਗੁਰੂ ਦੀ ਕੋਈ ਸਿਫਤ ਦਸੋ ? ਗੁਰੂ ਸਾਹਿਬ ਨੇ ਉਚਾਰਿਆ
ਕਰਤਾਰ ਸਾਡਾ ਗੁਰੂ ਹੈ ਤੇ ਸਿਫ਼ਤ ਹੈ ਉਸ ਦੀ
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਸੁਣ ਕੇ ਗੋਰਖ ਕਹਿੰਦਾ ਸਤਿ ਤਾਂ ਫਿਰ ਸਭ ਕੁਝ ਹੈ ਸਭ ਜੀਵ ਜੰਤੂ ਸਤਿ ਨੇ ਫਿਰ ਤਾਂ ਕਰਤਾਰ ਤੇ ਜੀਵਾਂ ਦੀ ਸਿਫਤ ਇਕੋ ਹੋਈ??
ਸਤਿਗੁਰੂ ਕਹਿੰਦੇ ਨਹੀ ਨਾਥ ਜੀ ਸਭ ਕੁਝ ਸਤਿ ਨਹੀ ਸਭ ਕੁਝ ਬਣਦਾ ਮਿਟਦਾ ਆ ਜਨਮ ਮਰਣ ਚ ਹੈ ਦੁਖ ਸੁਖ ਚ ਹੈ ਸਤਿ ਤਾਂ ਸਿਰਫ ਇੱਕ ਹੈ ਜੋ ਜਨਮ ਮਰਣ ਚ ਨਹੀ ਸੁਖ ਦੁਖ ਤੋ ਨਿਆਰਾ ਹੈ
ਫਿਰ ਗੋਰਖ ਨੇ ਕਿਹਾ ਠੀਕ ਹੈ ਪਰ ਇੱਕ ਤੋਂ ਸਭ ਪੈਦਾ ਹੋਏ ਨੇ ਉਸ ਦੇ ਪੁੱਤ ਨੇ ਤੇ ਪੁਤ ਪਿਉ ਵਰਗਾ ਹੀ ਹੁੰਦਾ …..
ਗੁਰੂ ਸਾਹਿਬ ਨੇ ਫਿਰ ਸਮਝਾਉਂਦਿਆਂ ਕਿਹਾ ਨਹੀਂ ਗੋਰਖ ਤੂੰ ਸਮਝਿਆ ਨਹੀਂ ਦੇਖ ਜਿਵੇਂ ਇੱਕ ਬਾਦਸ਼ਾਹ ਦੇ ਪੁੱਤ ਪੈਦਾ ਹੋਵੇ ਸਮੇਂ ਨਾਲ ਪੁੱਤ ਬਿਮਾਰ ਹੋ ਜਾਵੇ ਵੈਦ ਕੋਲੋਂ ਇਲਾਜ ਕਰਾਇਆ ਜਾਂਦਾ ਫਿਰ ਪੁੱਤ ਨੂੰ ਉਸਤਾਦ ਕੋਲ ਭੇਜ ਕੇ ਪੜ੍ਹਾਇਆ ਲਿਖਾਇਆ ਜਾਂਦਾ ਉਹ ਸਿਆਣਾ ਬਣਦਾ ਹੈ ਲਾਇਕ ਹੁੰਦਾ ਤਾਂ ਕਿਤੇ ਜਾਕੇ ਉ ਆਪਣੇ ਬਾਪ ਦੇ ਤਖ਼ਤ ਤੇ ਬੈਠਣ ਦੇ ਜੋਗ ਬਣਦਾ ਏਦਾ ਸਭ ਜੀਵ ਪ੍ਰਮਾਤਮਾ ਤੋਂ ਪੈਦਾ ਹੋਏ ਆ ਪਰ ਬੀਮਾਰ ਤੇ ਅਗਿਆਨੀ ਪੁੱਤ ਅਰਗੇ ਆ
ਜਦੋਂ ਪੂਰਨ ਗੁਰੂ ਮਿਲਦਾ ਉ ਉਪਦੇਸ਼ ਦੀ ਦਵਾਈ ਦਿੰਦਾ ਉਹਦੀ ਕ੍ਰਿਪਾ ਨਾਲ ਹਉਮੈ ਤੇ ਵਿਕਾਰਾਂ ਦੇ ਰੋਗ ਕੱਟੇ ਜਾਂਦਾ ਆ ਗੁਰੂ ਦੇ ਗਿਆਨ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਜੀਵ ਗੁਣਵਾਨ ਹੋ ਕੇ ਸੱਚ ਦਾ ਰੂਪ ਬਣਦਾ ਜਵਾਬ ਸੁਣਕੇ ਸੁਣ ਗੋਰਖ ਚੁਪ ਹੋ ਗਿਆ
ਸਰੋਤ ਪਰਚੀ ਦਸਵੇਂ ਪਾਤਸ਼ਾਹ ਕੀ
ਗੁਰੂ ਬਚਨ ਨੇ
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
( ਭਾਵ ਗੁਰੂ ਖੋਟਿਆਂ ਨੂੰ ਖਰੇ ਕਰਨ ਵਾਲਾ ਹੈ ਵਿਗੜਿਆਂ ਨੂੰ ਸਵਾਰਨ ਵਾਲਾ ਹੈ)
ਨੋਟ ਅ ਘੱਗੇ ਨੇਕੀ ਢੱਡਰੀ ਅਰਗੇ ਆਪੂੰ ਬਣੇ ਛਲਾਰੂ ਜਹੇ ਵਿਦਵਾਨ ਵੀ ਸੁਣ ਲੈਣ ਪੜ੍ਹ ਲੈਣ ਜੇੜੇ ਚਵਲਾ ਮਾਰਦੇ ਕੁਦਰਤ ਹੀ ਰੱਬ ਆ ਕਰਤਾ ਆ ਹੋਰ ਰੱਬ ਰੁੱਬ ਹੈਨੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਛੇਵੀਂ ਪੋਸਟ
ਗੁ ਪੱਥਰ ਸਾਹਿਬ (ਲੇਹ)
ਧੰਨ ਗੁਰੂ ਨਾਨਕ ਸਾਹਿਬ (ਭਾਗ-5)
ਸ੍ਰੀਨਗਰ ਤੋਂ ਗੁਰੂ ਜੀ ਲੱਦਾਖ (ਲੇਹ)ਨੂੰ ਚਲੇ ਗਏ ਜਿੱਥੇ ਤਿੱਬਤੀ ਲਾਮਾ ਇਕ ਰੁੱਖ ਨੂੰ ਇਸ ਕਰਕੇ ਪੂਜਨੀਕ ਮੰਨਦੇ ਹਨ , ਕਿਉਂਕਿ ਗੁਰੂ ਨਾਨਕ ਸਾਹਿਬ ਉਸ ਰੁੱਖ ਦੇ ਥੱਲੇ ਬੈਠੇ ਸੀ। ਸਤਿਗੁਰੂ ਜੀ ਪਹਿਲਗਾਮ ,ਅਮਰਨਾਥ ,ਸੋਨਾ ਮਾਰਗ ਬਾਲਾਕੋਟ, ਦਰਾਸ , ਕਾਰਗਿਲ ਰਸਤੇ ਗਏ ਸੀ। ਸਥਾਨਕ ਲਾਮਾਂ ਤੇ ਤਿੱਬਤੀ ਦੱਸਦੇ ਹਨ ਕਿ ਜਦੋਂ (ਗੁਰੂ) ਨਾਨਕ ਸ਼ਾਹ ਜੀ ਯਾਰਖੰਡ ਤੋਂ ਵਾਪਸ ਆ ਰਹੇ ਸੀ ਤਾਂ ਉਹ ਵਾਪਸੀ ਤੇ ਇੱਥੇ ਰੁਕੇ। ਉਨ੍ਹਾਂ ਦੀ ਮਹਿਮਾ ਨੂੰ ਸੁਣ ਕੇ ਈਰਖਾ ਨਾਲ ਸੜੇ ਇੱਕ ਦੇਉ ਸਾਧ ਨੇ ਗੁੱਸੇ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ। ਦੇਉ ਤਾਂਤਰਿਕ ਸ਼ਕਤੀਆਂ ਦਾ ਮਾਲਕ ਸੀ। ਉਸ ਨੇ ਆਪਣੀਆਂ ਸ਼ਕਤੀਆਂ ਨਾਲ ਪਹਾੜੀ ਤੋਂ ਇੱਕ ਪੱਥਰ ਸੁਟਿਅਾ। ਜਿਉਂ ਹੀ ਇਹ ਪੱਥਰ ਗੁਰੂ ਨਾਨਕ ਸਾਹਿਬ ਦੀ ਪਾਵਨ ਦੇਹ ਦੇ ਨਾਲ ਛੂਹਿਆ ਤਾਂ ਪੱਥਰ ਮੋਮ ਵਾਂਗ ਨਰਮ ਹੋਕੇ ਸਤਿਗੁਰਾਂ ਦੇ ਸੀਸ ਅਤੇ ਲੱਕ ਦੇ ਇਰਦ ਗਿਰਦ ਲਿਪਟ ਗਿਆ। ਗੁਰੂ ਸਾਹਿਬ ਸਹੀ ਸਲਾਮਤ ਪੱਥਰ ਦੇ ਘੇਰੇ ਚੋ ਬਾਹਰ ਨਿਕਲ ਆਏ। ਅਜ ਵੀ ਦੇਖਣ ਤੇ ਪਤਾ ਲੱਗਦਾ ਹੈ ਕੇ ਪੱਥਰ ਕਿਵੇ ਗੁਰੂ ਸਾਹਿਬ ਦੁਆਲੇ ਲਿਪਟਿਆ ਹੋਉ।
ਲੇਹ ਤੋਂ ਕੁਝ ਮੀਲ ਦੂਰ ਬੋਧੀਆਂ ਦੇ ਮੰਦਰ ਹਨ ਜਿਨ੍ਹਾਂ ਵਿੱਚ ਮਹਾਤਮਾ ਬੁੱਧ ਦੀ ਤਸਵੀਰ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਵੀ ਪੂਜੀ ਜਾਂਦੀ ਹੈ ਉੱਥੇ ਤਿੱਬਤੀ ਲਾਮਾ ਇਸ ਮੰਤਰ ਦਾ ਜਾਪ ਕਰਦੇ ਨੇ “ਉ ਅਹੰ ਭਦਰ, ਗੁਰੂ ਪਰਮ ਸਿੱਧੀ ਹੰ “”
ਲਾਮਾ ਦੱਸਦੇ ਹਨ ਕੇ “ਭਦਰਾ ਗੁਰੂ” ਮਤਲਬ “ਗੁਰੂ ਮਹਾਨ” ਭਾਵ “ਸਤਿਗੁਰੂ ਨਾਨਕ” ਹੈ
ਗੁਰੂ ਨਾਨਕ ਸਾਹਿਬ ਦਾ ਤਿੱਬਤ ਲੱਦਾਖ ਦੇ ਇਲਾਕੇ ਵਿੱਚ ਇਤਨਾ ਡੂੰਘਾ ਪ੍ਰਭਾਵ ਪਿਆ ਕੇ ਕਿ ਹੁਣ ਤਕ ਆਏ ਮਹੀਨੇ ਤਿੱਬਤੀ , ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਉਂਦੇ ਹਨ। ਇਸ ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਵੀ ਗਏ ਹੁਣ ਲੇਹ ਚ ਪਾਵਨ ਅਸਥਾਨ ਵੀ ਬਣ ਗਿਆ ਹੈ।
ਨੋਟ ਡਾ: ਤਿਰਲੋਚਨ ਸਿੰਘ ਜੀ ਕਹਿੰਦੇ ਮੈਨੂੰ ਕੁਝ ਤਿੱਬਤੀ ਦਰਬਾਰ ਸਾਹਿਬ ਵੀ ਮਿਲੇ ਭਾਈ ਵੀਰ ਸਿੰਘ ਜੀ ਵੀ ਦਰਬਾਰ ਸਾਹਿਬ ਪ੍ਰਕਰਮਾਂ ਚ ਤਿੱਬਤੀਆ ਨਾਲ ਮੁਲਾਕਾਤ ਦਾ ਜਿਕਰ ਕਰਦੇ ਨੇ
ਸਰੋਤ ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਪੰਜਵੀ ਪੋਸਟ
ਚੁੰਗਤਾਂਗ ਚ ਗੁਰੂ ਨਾਨਕ ਸਾਹਿਬ {ਭਾਗ-4}
ਸਿੱਕਿਮ ਦੀ ਰਾਜਧਾਨੀ ਗੰਗਕੋਟ ਹੈ। ਗੰਗਕੋਟ ਤੋ 100 ਕ ਮੀਲ ਅੱਗੇ ਚੁੰਗਤਾਂਗ ਸ਼ਹਿਰ ਹੈ। ਤਿੱਬਤ ਨੂੰ ਜਾਂਦਿਆ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੇ ਬਾਲਾ ਜੀ ਸਮੇਤ ਏਥੇ ਇੱਕ ਮੱਠ ਚ ਰੁਕੇ ਸੀ। ਏਥੇ ਦੇ ਲੋਕਾਂ ਨੂੰ ਸਤਿ ਦਾ ਉਪਦੇਸ਼ ਦਿੱਤਾ। ਰਾਜਾ ਵੀ ਸ਼ਰਨ ਆਇਆ। ਜਦੋ ਸਤਿਗੁਰੂ ਏਥੇ ਆਏ ਤਾਂ ਉਹ ਆਪਣੇ ਨਾਲ ਕੁਝ ਚੌਲ ਤੇ ਕੇਲੇ ਲਿਆਏ ਸੀ, ਇਸ ਇਲਾਕੇ ਚ ਕੇਲੇ ਤੇ ਚੌਲ ਨਹੀ ਹੁੰਦੇ ਸੀ , ਲੋਕਾਂ ਨੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਕੇਲੇ ਤੇ ਚੌਲ (ਝੋਨਾ) ਬੀਜਣ ਦਾ ਢੰਗ ਤਰੀਕਾ ਸਮਝਾਇਆ। ਆਪ ਆਪਣੇ ਪਵਿੱਤਰ ਹੱਥਾਂ ਨਾਲ ਬਾਬੇ ਨੇ ਪਹਿਲੇ ਬੀਜ ਬੀਜਕੇ ਦੱਸਿਆ। ਅੇਦਾ ਬੀਜੋ ਬੀਜ ਵੀ ਕੋਲੋ ਦਿੱਤੇ ਉਸ ਸਮੇ ਤੋ ਏਥੇ ਦੋਵੇ ਫਸਲਾਂ ਬੀਜੀਆ ਜਾਣ ਲੱਗੀਆ ਤੇ ਹੋਲੀ ਹੋਲੀ ਦੂਰ ਦੂਰ ਤੱਕ ਪਹੁੰਚ ਗਈਆ
ਏਥੇ ਵਾਦੀ ਚ ਜੋ ਨਦੀ ਵੱਗਦੀ ਅ ਉਹਦਾ ਪਾਣੀ ਬੜਾ ਗੰਧਲਾ ਸੀ ਲੋਕਾਂ ਨੇ ਦਾਤਾਰ ਜੀ ਨੂੰ ਸਾਫ ਪਾਣੀ ਲਈ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਨੇੜੇ ਇਕ ਪੱਥਰ ਚੋ ਸਾਫ ਪਾਣੀ ਦਾ ਚਸ਼ਮਾ ਚਲ ਪਿਆ ਸਥਾਨਕ ਲੋਕ ਪੀਣ ਲਈ ਏਹੋ ਪਾਣੀ ਵਰਤਦੇ ਨੇ ਜੋ ਅਜ ਵੀ ਪੱਥਰ ਚੋ ਸਿੰਮਦਾ ਹੈ। ਏ ਪੱਥਰ 30 ਫੁੱਟ ਉੱਚਾ ਤੇ 200 ਫੁੱਟ ਦੇ ਘੇਰੇ ਦਾ ਹੈ ਇਸ ਪੱਥਰ ਥੱਲੇ ਜੋ ਗੁਫ਼ਾ ਹੈ ਉਥੇ ਹੀ ਗੁਰੂ ਸਾਹਿਬ ਰੁਕੇ ਸੀ ਗੁਫਾ ਦਾ ਮੁੰਹ ਬੰਦ ਕੀਤਾ ਹੋਇਆ ਹੈ ਇਸ ਪੱਥਰ ਤੇ ਗੁਰੂ ਚਰਨਾਂ ਦੇ ਨਿਸ਼ਾਨ ਵੀ ਅਜ ਵੀ ਮਜੂਦ ਅ ਸਤਿਕਾਰ ਕਰਦਿਆ ਇਸ ਪੱਥਰ ਦੁਆਲੇ ਛੋਟੀ ਕੰਧ ਹੈ ਤੇ ਫੁੱਲ ਬੂਟੇ ਲਾਏ ਨੇ ਫੁੱਲ ਵੀ ਕੋਈ ਨਹੀ ਤੋੜਦਾ ਸਾਰਾ ਇਲਾਕਾ ਇਸ ਥਾਂ ਨੂੰ ਨਾਨਕ ਟਾਂਗ ਕਹਿੰਦਾ ਹੈ ਤੇ ਸਭ ਅੰਦਰ ਗੁਰੂ ਬਾਬੇ ਦਾ ਸ਼ੁਕਰਾਨਾ ਹੈ ਰਵਾਇਤ ਅਨੁਸਾਰ ਚੌਲ ਕੇਲੇ ਪਾਣੀ ਸਤਿਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ
ਮਾਉਟ ਐਵਰੈੱਸਥ ਚੋਟੀ ਤੇ ਜਾਣ ਵਾਲੇ ਸੁਨਾਮ ਗਿਆਸਤੋ ਦਾ ਮੰਨਣਾ ਸੀ ਕੇ ਗੁਰੂ ਸਾਹਿਬ ਨੇ ਚੌਲ ਉਬਲੇ ਹੀ ਲਿਆਂਦੇ ਸੀ ਪਰ ਗੁਰੂ ਸਾਹਿਬ ਦੀ ਮਿਹਰ ਨਾਲ ਉੱਗ ਪਏ ਧੰਨ ਆ ਗਿਆਸਤੋ ਜੋ ਸਮਝਦਾ ਕੇ ਗੁਰੂਬਾਬੇ ਚਾਹੇ ਤਾਂ ਉਬਲੇ ਚੌਲ ਵੀ ਉੱਗ ਪੈਣ ਜਦਕੇ ਅਜ ਦੇ ਤਰਕੀ ਸਿੱਖ ਪ੍ਰਚਾਰਾਕਾਂ ਨੂੰ ਦੁਖਭੰਜਨੀ ਬੇਰੀ ਦੇ ਕੱਢੇ ਚੁਭੀ ਜਾਦੇ ਆ ਖੈਰ …….
ਚਰਨ ਦੇ ਨਿਸ਼ਾਨ ਦੀ ਤੇ ਅਸਥਾਨ ਗੁਰਦੁਆਰਾ ਨਾਨਕ ਲਾਮਾ ਸਾਹਿਬ ਦੀ ਫੋਟੋ ਨਾਲ ਐਡ ਹੈ ਥੱਲੇ
ਸਰੋਤ ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਚੌਥੀ ਪੋਸਟ