ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ , ਇਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ, ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਕਿ ਮੈਂ ਬਹੁਤ ਬ੍ਰਿਧ ਹੋ ਗਿਆ, ਹਾਂ, ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸ਼ੋ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਹਾਡੀ ਉਮਰ 2 ਮਹੀਨੇ ਬਾਕੀ ਹੈ , ਜਦੋਂ ਭਾਈ ਬਾਲਾ ਜੀ ਸਚਖੰਡ ਚਲੇ ਗਏ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ
ਸੰਸਕਾਰ ਕੀਤਾ | ਸਰੋਵਰ ਦੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਹੈ , ਉਸ ਅਸਥਾਨ ਤੇ ਬੈਠ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ |
ਵਾਹਿਗੁਰੂ ਜੀ

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ |
ਆਪ ਜੀ ਦੇ ਦੋ ਪੁੱਤਰ ਬਾਬਾ ਰਾਮ ਰਾਏ ਅਤੇ ਸ੍ਰੀ ਹਰਿ ਕ੍ਰਿਸ਼ਨ ਸਨ | ਆਪ ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਸਨ। ਇਕ ਵਾਰ ਖੁੱਲ੍ਹੇ ਚੋਗ਼ੇ ਨਾਲ ਉਲਝ ਕੇ ਇਕ ਫੁੱਲ ਟਹਿਣੀ ਤੋਂ ਟੁੱਟ ਗਿਆ ਤਾਂ ਆਪ ਉਦਾਸ ਹੋ ਗਏ ਅਤੇ ਗੁਰੂ ਹਰਗੋਬਿੰਦ ਜੀ ਦੇ ਸਮਝਾਉਣ ਤੇ ਸਦਾ ਸੰਭਲ ਕੇ ਤੁਰਨ ਦੀ ਆਦਤ
ਬਣਾ ਲਈ ਅਤੇ ਇਹ ਵੀ ਸਮਝ ਗਏ ਕਿ ਵੱਡੀ ਜ਼ਿੰਮੇਵਾਰੀ ਚੁੱਕੀਏ ਤਾਂ ਉਸ ਨੂੰ ਸੋਚ ਸਮਝ ਕੇ ਨਿਭਾਉਣਾ ਪੈਂਦਾ ਹੈ। ਆਪ ਜੀ ਕੇਵਲ 14 ਸਾਲ ਦੇ ਸਨ ਜਦੋਂ ਆਪ ਜੀ ਨੂੰ ਗੁਰਿਆਈ ਮਿਲੀ ਅਤੇ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੇ ਗੁਰਿਆਈ ਦੀ ਰਸਮ ਨਿਭਾਈ।
ਆਪ ਜੀ ਕੋਲ 2200 ਸ਼ਸਤਰਧਾਰੀ ਜਵਾਨ ਰਿਹਾ ਕਰਦੇ ਸਨ ਪਰ ਆਪ ਨੇ ਕੋਈ ਜੰਗ ਨਾ ਲੜੀ। ਲੰਗਰ ਅਤੁੱਟ ਅਤੇ ਹਰ ਸਮੇਂ ਵਰਤਦਾ ਸੀ ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ “ਭੁੱਖਾ ਕੋਈ ਨਾ ਰਹਿਣ ਪਾਏ”। ਲੋੜਵੰਦ ਨੂੰ ਉਸੇ ਵੇਲੇ ਪਰਸ਼ਾਦਾ ਤਿਆਰ ਕਰਕੇ ਛਕਾਇਆ
ਜਾਵੇ।
ਆਪ ਨੇ ਇਕ ਬੜਾ ਵੱਡਾ ਦਵਾਖ਼ਾਨਾ ਕੀਰਤਪੁਰ ਸਾਹਿਬ ਵਿਚ ਖੋਲ੍ਹਿਆ ਜਿਸ ਵਿਚ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਇੱਥੋਂ ਹੀ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਲਈ ਲੋੜੀਂਦੀ ਦਵਾਈ ਪ੍ਰਾਪਤ ਹੋ ਸਕੀ ਸੀ।
ਗੁਰੂ ਹਰਿ ਰਾਇ ਸਾਹਿਬ ਜੀ ਨੇ ਵੀ ਆਪਣੇ ਦਾਦਾ ਅਤੇ ਪੜਦਾਦਾ ਜੀ ਵਾਂਗ ਔੜ
ਅਤੇ ਕਾਲ ਦੇ ਸਮੇਂ ਗ਼ਰੀਬਾਂ ਦੀ ਮਦਦ ਜਾਰੀ ਰੱਖੀ। ਸ਼ਾਹਜਹਾਨ ਨੇ ਹੁਕਮ ਜਾਰੀ ਕਰ ਦਿੱਤੇ ਕਿ ਨਵੇਂ ਬਣੇ ਸਾਰੇ ਮੰਦਰ ਢਾਹ ਦਿੱਤੇ ਜਾਣ ਪਰ ਸਿੱਖ ਗੁਰ ਧਾਮਾਂ ਤੇ ਇਹ ਹੁਕਮ ਜਾਰੀ ਨਹੀਂ ਸਨ ਕਿਉਂਕਿ ਸਿੱਖ ਮੂਰਤੀ ਪੂਜਕ ਨਹੀਂ ਸਨ।1654 ਵਿਚ ਗੁਰੂ ਸਾਹਿਬ ਅੰਮ੍ਰਿਤਸਰ ਆਏ ਅਤੇ ਕੋਈ 6 ਮਹੀਨੇ ਇੱਥੇ ਰਹੇ। ਮਾਲਵੇ ਦੇ ਦੌਰੇ ਸਮੇਂ ਪਿੰਡ ਮਰਾਝ ਵਿਚ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਅਤੇ ਸੰਦਲੀ ਨੂੰ ਲੈ ਕੇ ਦਰਬਾਰ ਵਿਚ ਆਇਆ।
ਇਹਨਾਂ ਦੇ ਮਾਂ-ਪਿਉ ਮਰ ਚੁੱਕੇ ਸਨ ਸੋ ਇਹਨਾਂ ਮੱਥਾ ਟੇਕ ਕੇ ਆਪਣੇ ਢਿੱਡ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਰਾਜ ਕਰੇਗੀ। ਇਹਨਾਂ ਪ੍ਰਚਾਰ ਦੌਰਿਆਂ ਦੇ ਸਮੇਂ ਹੀ ਸਤਿਗੁਰੂ ਜੀ ਆਪਣੇ ਵੱਡੇ ਭਰਾ ਦੇ ਲੜਕੇ ਦੇ ਵਿਆਹ ਤੇ ਕਰਤਾਰਪੁਰ ਆਏ।ਗੁਰੂ ਹਰਿ ਰਾਇ ਜੀ ਨੇ ਆਪਣੇ ਸਮੁੱਚੇ ਜੀਵਨ ਅੰਦਰ ਮਨੁੱਖਤਾ ਦੀ ਸੇਵਾ ਲਈ ਕਾਰਜ ਕੀਤੇ। ਜਦੋਂ ਗੁਰੂ ਹਰਿ ਰਾਇ ਜੀ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਗੁਰ ਗੱਦੀ ਉੱਤੇ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਜੀ ਬੈਠਣਗੇ। 6 ਅਕਤੂਬਰ 1661 ਨੂੰ ਗੁਰੂ ਹਰਿ ਰਾਏ ਜੀਜੋਤੀ ਜੋਤ ਸਮਾ ਗਏ ਸਨ ਅੱਜ ਲੋੜ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ।

ਰਾਇ ਕਮਾਲਦੀ ਮੌਜਦੀ ਦੀ ਵਾਰ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ ੫ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਰਾਇ ਸਾਰੰਗ ਵਿਰੁੱਧ ਬਗ਼ਾਵਤ ਦੀ ਝੂਠੀ ਖ਼ਬਰ ਉਡਾ ਦਿੱਤੀ। ਉਸ ਦੇਸ ਦੇ ਰਾਜੇ ਨੇ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕੋਈ ਪੜਤਾਲ ਕੀਤਿਆਂ ਰਾਇ ਸਾਰੰਗ ਨੂੰ ਬੰਦੀ ਬਣਾ ਲਿਆ। ਇਸ ’ਤੇ ਰਾਇ ਕਮਾਲਦੀ ਨੇ ਸਾਰੰਗ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ।
ਕੁਝ ਚਿਰ ਬਾਅਦ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ। ਉਸ ਨੇ ਸਾਰੰਗ ਨੂੰ ਨਿਰਦੋਸ਼ ਠਹਿਰਾਉਂਦਿਆਂ ਬੜੇ ਆਦਰ-ਭਾਉ ਨਾਲ ਰਿਹਾਅ ਕਰ ਦਿੱਤਾ। ਇਧਰ ਰਾਇ ਕਮਾਲਦੀ ਵੱਡੇ ਭਰਾ ਦੀ ਜਾਇਦਾਦ ਵਾਪਿਸ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਭਰਾ ਦੀ ਰਿਹਾਈ ਦਾ ਬਹਾਨਾ ਬਣਾ ਕੇ ਇਕ ਵੱਡਾ ਜਸ਼ਨ ਮਨਾਉਣ ਦੀ ਸਕੀਮ ਬਣਾਈ। ਪਰ ਇਸ ਜਸ਼ਨ ਵਿਚ ਆਪਣੇ ਭਰਾ ਸਾਰੰਗ ਨੂੰ ਧੋਖੇ ਨਾਲ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਮਰਵਾ ਦਿੱਤਾ।
ਸਾਰੰਗ ਦੀ ਪਤਨੀ ਆਪਣੇ ਪੁੱਤਰ ਮੌਜਦੀ (ਮੁਅੱਜਦੀਨ) ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਮੌਜਦੀ ਨੂੰ ਸ਼ਸਤਰ ਵਿੱਦਿਆ ਵਿਚ ਪ੍ਰਬੀਨ ਕੀਤਾ ਗਿਆ। ਜਦ ਮੌਜਦੀ ਜਵਾਨ ਹੋਇਆ ਉਸ ਨੇ ਨਾਨਕਿਆਂ ਦੀ ਭਾਰੀ ਫੌਜ ਲੈ ਕੇ ਆਪਣੇ ਚਾਚੇ ਨੂੰ ਜੰਗ ਲਈ ਲਲਕਾਰਿਆ। ਚਾਚੇ ਭਤੀਜੇ ਵਿਚਕਾਰ ਘਮਸਾਨ ਦਾ ਜੁੱਧ ਹੋਇਆ। ਮੌਜਦੀ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਇ ਕਮਾਲਦੀ ਨੂੰ ਸੰਸਾਰ ਤਿਆਗਣਾ ਪਿਆ।
ਢਾਡੀਆਂ ਨੇ ਇਸ ਜੁੱਧ ਬਾਰੇ ਇਕ ਵਾਰ ਲਿਖੀ, ਜਿਸ ਦੀ ਇਕ ਪਉੜੀ ਇਸ ਤਰ੍ਹਾਂ ਹੈ:
ਰਾਣਾ ਰਾਇ ਕਮਾਲਦੀ ਰਣ ਭਾਰਾ ਬਾਹੀ।
ਮੌਜਦੀ ਤਲਵੰਡੀਓਂ ਚੜ੍ਹਿਆ ਸਾਬਾਹੀ।
ਢਾਲੀ ਅੰਬਰ ਛਾਇਆ ਫੁਲੇ ਅੱਕ ਕਾਹੀ।
ਜੁੱਟੇ ਆਹਮੋ ਸਾਹਮਣੇ ਨੇਜ਼ੇ ਝੁਲਕਾਹੀ।
ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।
ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਬਾਣੀ ‘ਗਉੜੀ ਕੀ ਵਾਰ’ ਨੂੰ ਗਾਉਣ ਦੀ ਹਦਾਇਤ ਕੀਤੀ ਹੈ ।
( ਚਲਦਾ)

ਜੇਠ ਦੇ ਮਹਿਨੇ ਦੀ ਸੰਗਰਾਂਦ ਦੇ
ਪਵਿੱਤਰ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ
ਬੇਅੰਤ ਵਧਾਈਆਂ |
🙏🙏🙏🙏

ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…!
ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, ‘‘ਜੀ ਖਿਦਮਤ?’’ ਮੈਂ ਕਿਹਾ, ‘‘ਕੋਈ ਪ੍ਰੋਫ਼ੈਸਰ ਹੈ?’’ ਉਸ ਨੇ ਕਿਹਾ, ‘‘ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ’ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।’’ ਮੈਂ ਕਿਹਾ, ‘‘ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ।’’ ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, ‘‘ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ।’’ ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, ‘‘ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?’’ ਉਸ ਨੇ ਕਿਹਾ, ‘‘ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?’’ ਮੈਂ ਕਿਹਾ, ‘‘ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?’’ ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।’’
ਮੈਂ ਕਿਹਾ, ‘‘ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?’’ ਉਸ ਨੇ ਕਿਹਾ, ‘‘ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।’’ ਫਿਰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?’’ ਠੇਕੇਦਾਰ ਨੇ ਕਿਹਾ, ‘‘ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।’’ ਮੈਂ ਫਿਰ ਪੁੱਛਿਆ, ‘‘ਭੱਟੀਆਂ ਦਾ ਸਰਦਾਰ ਕੌਣ?’’ ਉਸ ਨੇ ਕਿਹਾ, ‘‘ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?’’ ਮੈਂ ਕਿਹਾ, ‘‘ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।’’
ਠੇਕੇਦਾਰ ਨੇ ਕਿਹਾ, ‘‘ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ….!
ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ।
ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਨ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ…!
ਹਰਪਾਲ ਸਿੰਘ ਪੰਨੂ

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਮਾਝ ਕੀ ਵਾਰ ਮਹਲਾ 1’ ਨੂੰ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ‘ਮੁਰੀਦ’ ਤੇ ‘ਚੰਦ੍ਰਹੜਾ’ ਅਕਬਰ ਦੇ ਦੋ ਰਾਜਪੂਤ ਫੌਜੀ ਸਨ। ਮੁਰੀਦ ਨੂੰ ਮਲਕ ਦਾ ਖ਼ਿਤਾਬ ਮਿਲਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਮਲਕ ਮੁਰੀਦ ਕਿਹਾ ਜਾਂਦਾ ਸੀ। ਚੰਦ੍ਰਹੜਾ ਦੀ ਜੱਦ ਦਾ ਨਾਂ ਸੋਹੀਆ ਸੀ, ਇਸ ਲਈ ਚੰਦ੍ਰਹੜਾ ਸੋਹੀਆ ਦੇ ਨਾਂ ਨਾਲ ਪ੍ਰਸਿੱਧ ਸੀ। ਉੱਪਰੋਂ ਤਾਂ ਇਹ ਦੋਸਤ ਸਨ, ਪਰ ਵਿੱਚੋਂ ਇਕ ਦੂਜੇ ਨਾਲ ਦੁਸ਼ਮਣੀ ਰੱਖਦੇ ਸਨ।
ਇਕ ਵਾਰ ਸਰਹੱਦ ਵਿਚ ਬਗ਼ਾਵਤ ਹੋ ਗਈ। ਅਕਬਰ ਨੇ ਬਾਗ਼ੀਆਂ ਨੂੰ ਸੋਧਣ ਅਤੇ ਉਨ੍ਹਾਂ ਤੋਂ ਜੁਰਮਾਨਾ ਤੇ ਕਰ ਵਸੂਲ ਕਰਨ ਲਈ ਮਲਕ ਮੁਰੀਦ ਨੂੰ ਭੇਜਿਆ। ਮਲਕ ਮੁਰੀਦ ਬੜਾ ਬਹਾਦਰ ਸੂਰਮਾ ਸੀ। ਉਸ ਦਾ ਨਾਂ ਸੁਣਦਿਆਂ ਹੀ ਬਾਗ਼ੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਜੁਰਮਾਨਾ ਭਰ ਦਿੱਤਾ, ਪਰ ਕਰ ਵਾਸਤੇ ਕੁਝ ਸਮਾਂ ਮੰਗਿਆ। ਜੁਰਮਾਨੇ ਦਾ ਰੁਪਿਆ ਅਕਬਰ ਨੂੰ ਦਿੱਲੀ ਭੇਜ ਦਿੱਤਾ। ਬਾਗ਼ੀਆਂ ਨੂੰ ਸੋਧਣ ਲਈ ਅਤੇ ਕਰ ਇਕੱਠਾ ਕਰਨ ਲਈ ਕੁਝ ਸਮੇਂ ਵਾਸਤੇ ਉੱਥੇ ਹੀ ਠਹਿਰ ਗਿਆ।
ਕੁਝ ਸਮਾਂ ਲੰਘ ਗਿਆ। ਮਲਕ ਮੁਰੀਦ ਆਪਣੀ ਡਿਊਟੀ ਵਿਚ ਐਨਾ ਰੁੱਝ ਗਿਆ ਕਿ ਵੇਲੇ ਸਿਰ ਮਾਮਲਾ (ਕਰ) ਵਸੂਲ ਕਰ ਕੇ ਦਿੱਲੀ ਨਾ ਭੇਜ ਸਕਿਆ। ਚੰਦ੍ਰਹੜਾ ਸੋਹੀਆ ਨੇ ਮੌਕਾ ਤਾੜ ਕੇ ਅਕਬਰ ਦੇ ਦਰਬਾਰ ਵਿਚ ਝੂਠੀ ਖ਼ਬਰ ਉਡਾ ਦਿੱਤੀ ਕਿ ਮਲਕ ਮੁਰੀਦ ਬਾਗ਼ੀਆਂ ਨਾਲ ਰਲ ਗਿਆ ਹੈ। ਅਕਬਰ ਨੇ ਇਕ ਭਾਰੀ ਫੌਜ ਦੇ ਕੇ ਚੰਦ੍ਰਹੜਾ ਸੋਹੀਆ ਨੂੰ ਮਲਕ ਮੁਰੀਦ ਨੂੰ ਸੋਧਣ ਲਈ ਭੇਜ ਦਿੱਤਾ।
ਚੰਦ੍ਰਹੜਾ ਦੀ ਚਾਲ ਦਾ ਮਲਕ ਮੁਰੀਦ ਨੂੰ ਆਪਣੇ ਸੂਹੀਆਂ ਪਾਸੋਂ ਪਤਾ ਲੱਗ ਗਿਆ ਸੀ। ਦੋਹਾਂ ਧਿਰਾਂ ਵਿੱਚ ਲਹੂ-ਵੀਟਵੀਂ ਲੜਾਈ ਹੋਈ। ਅਨੇਕਾਂ ਸਿਪਾਹੀ ਮਾਰੇ ਗਏ। ਮਾਲੀ ਅਤੇ ਜਾਨੀ ਨੁਕਸਾਨ ਕਾਫ਼ੀ ਹੋਣ ਕਰਕੇ ਚੰਦ੍ਰਹੜਾ ਨੇ ਮੁਰੀਦ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਸਿਪਾਹੀਆਂ ਨੂੰ ਮਰਵਾਉਣ ਦਾ ਕੋਈ ਲਾਭ ਨਹੀਂ, ਦੁਸ਼ਮਣੀ ਆਪਣੀ ਹੈ ਇਸ ਲਈ ਆਪਾਂ ਦੋ-ਦੋ ਹੱਥ ਕਰ ਲਈਏ।
ਅਗਲੇ ਦਿਨ ਮਲਕ ਮੁਰੀਦ ਤੇ ਚੰਦ੍ਰਹੜਾ ਸੋਹੀਆ ਇਕੱਲੇ ਮੈਦਾਨ ਵਿਚ ਆ ਨਿੱਤਰੇ। ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਣ ਕਰਕੇ ਦੋਵਾਂ ਨੇ ਚੰਗੇ ਕਰਤਬ ਵਿਖਾਏ। ਕਾਫ਼ੀ ਦੇਰ ਤਕ ਲੜਦੇ ਰਹੇ ਅਤੇ ਅੰਤ ਵਿਚ ਇਤਨੇ ਜ਼ਖ਼ਮੀ ਹੋ ਗਏ ਕਿ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ। ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋਈ। ਢਾਡੀਆਂ ਨੇ ਇਨ੍ਹਾਂ ਦੀ ਸੂਰਮਗਤੀ ਦੀ ਉਸਤਤੀ ਵਿਚ ਵਾਰ ਰਚੀ, ਜਿਸ ਦੀ ਇਕ ਪ੍ਰਸਿੱਧ ਪਉੜੀ ਇਸ ਤਰ੍ਹਾਂ ਹੈ:
ਕਾਬੁਲ ਵਿਚ ਮੁਰੀਦ ਖਾਂ ਫੜਿਆ ਬਡ ਜੌਰ।
ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ।
ਦੋਹਾਂ ਕੰਧਾਰਾਂ ਮੂੰਹ ਜੁੜੇ ਦੰਮਾਮੇ ਦੌਰ।
ਸ਼ਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ।
ਹੋਲੀ ਖੇਲੇਂ ਚੰਦ੍ਰਹੜਾ ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ।
ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ।
ਦੋਨੋਂ ਸੂਰੇ ਸਾਹਮਣੇ ਜੂਝੇ ਉਸ ਠੌਰ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਕਿ ਇਹ ਅੱਠ-ਤੁਕੀ ਪਉੜੀ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਵਾਰ ਮਾਝ ਦਾ ਹੀ ਵਜ਼ਨ ਹੈ, ਜੋ ਦੇਸ ਵਿਚ ਮਲਕ ਮੁਰੀਦ ਵਾਲੀ ਵਾਰ ਦਾ ਹੈ, ਪਰ ਮਲਕ ਮੁਰੀਦ ਵਾਰ ਨਾਲ ਬਾਣੀ ਦਾ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਧੁਨੀ ਲਿਖ ਕੇ ਹੁਕਮ ਦਿੱਤਾ ਕਿ ਵਾਰ ਮਾਝ ਨੂੰ ਇਸ ਧਾਰਨਾ ’ਤੇ ਗਾਵਣਾ ਹੈ ।
(ਚਲਦਾ )

ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ ਮੰਨਦੇ ਹਨ ਇਹ ਧੁਨੀਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੜਾਈਆਂ ਹਨ ਪਰ ਬਹੁਤੇ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੁਵਾਰਾ ਧੁਨੀਆਂ ਨੂੰ ਚੜਾਇਆਂ ਮੰਨਦੇ ਹਨ । ਕਰਤਾਰਪੁਰ ਸਾਹਿਬ ਵਾਲੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਧੁਨੀਆਂ ਮੌਜੂਦ ਹਨ ਜੋ ਗੁਰੂ ਅਰਜਨ ਸਾਹਿਬ ਜੀ ਵਲੋ ਭਾਈ ਗੁਰਦਾਸ ਜੀ ਪਾਸੋ ਲਿਖਵਾਇਆ ਗਿਆ ਸੀ ।
ਭਾਗ 1
ਧੁਨੀਆਂ
ਧੁਨੀ ਸ਼ਬਦ ਦਾ ਪਿਛੋਕੜ ‘ਧਵਨੀ’ ਸ਼ਬਦ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਨਾਦ ਜਾਂ ਆਵਾਜ਼। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਕੇਤ ਲਈ ਕੀਤੀ ਗਈ ਹੈ ਜਿਸ ਤੋਂ ਭਾਵ ਹੈ ਗਾਉਣ ਦੀ ਧਾਰਨਾ ਜਾਂ ਵਿਧੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਜਿੱਥੇ ਬਾਣੀ ਨੂੰ ਰਾਗਾਂ ਵਿਚ ਸਮੋਇਆ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਨੂੰ ਗਾਉਣ ਲਈ ਲੋਕ-ਕਾਵਿ ਦੇ ਗਾਉਣ ਦੀ ਪਰੰਪਰਾ ਵਿਚ ਪੁਰਾਤਨ ਲੋਕ-ਵਾਰਾਂ ਦੀਆਂ ਧੁਨੀਆਂ ਵੱਲ ਸੰਕੇਤ ਵੀ ਕੀਤਾ ਹੈ। ਅਜਿਹੇ ਸੰਕੇਤ ਕੇਵਲ ਨੌਂ ਵਾਰਾਂ ਨਾਲ ਦਿੱਤੇ ਮਿਲਦੇ ਹਨ।
ਜੋ ਕਹਾਣੀਆਂ ਇਨ੍ਹਾਂ ਵਾਰਾਂ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਧੁਨੀਆਂ ਨੂੰ ਉਸ ਸਮੇਂ ਲੋਕਾਂ ਵਿਚ ਪ੍ਰਚਲਿਤ ਹੋਣ ਕਾਰਨ ਅਤੇ ਲੋਕਾਂ ਦੀਆਂ ਮਨਭਾਉਂਦੀਆਂ ਹੋਣ ਕਰਕੇ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਨ੍ਹਾਂ ਵਾਰਾਂ ਨੂੰ ਇਨ੍ਹਾਂ ਧੁਨੀਆਂ ’ਤੇ ਗਾਉਣ ਦਾ ਆਦੇਸ਼ ਦਿੱਤਾ ਹੈ।
ਇਨ੍ਹਾਂ ਨੌਂ ਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਵਾਰ ਮਾਝ ਕੀ ਸਲੋਕ ਮਹਲਾ ੧ – ਮਲਕ ਮੁਰੀਦ ਤਥਾ ਚੰਦ੍ਰਹੜਾ ਕੀ ਧੁਨੀ ਗਾਵਣੀ
2. ਗਉੜੀ ਕੀ ਵਾਰ ਮਹਲਾ ੫ – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
3. ਆਸਾ ਮਹਲਾ ੧ – ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ-ਟੁੰਡੇ ਅਸ ਰਾਜੈ ਕੀ ਧੁਨੀ
4. ਗੂਜਰੀ ਕੀ ਵਾਰ ਮਹਲਾ ੩ – ਸਿਕੰਦਰ ਬਿਰਾਹਿਮ ਕੀ ਧੁਨਿ ਗਾਉਣੀ
5. ਵਡਹੰਸ ਕੀ ਵਾਰ ਮਹਲਾ ੪ – ਲਲਾਂ ਬਹਲੀਮਾ ਕੀ ਧੁਨਿ ਗਾਵਣੀ
6.ਰਾਮਕਲੀ ਕੀ ਵਾਰ ਮਹਲਾ ੩ – ਜੋਧੈ ਵੀਰੈ ਪੂਰਬਾਣੀ ਕੀ ਧੁਨੀ
7. ਸਾਰੰਗ ਕੀ ਵਾਰ ਮਹਲਾ ੪ – ਰਾਇ ਮਹਮੇ ਹਸਨੇ ਕੀ ਧੁਨਿ
8. ਵਾਰ ਮਲਾਰ ਕੀ ਮਹਲਾ ੧ – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
9. ਕਾਨੜੇ ਕੀ ਵਾਰ ਮਹਲਾ ੪ – ਮੂਸੇ ਕੀ ਵਾਰ ਕੀ ਧੁਨੀ ।
( ਚਲਦਾ )

Begin typing your search term above and press enter to search. Press ESC to cancel.

Back To Top