ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਿੱਖ ਕੌਮ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖ ਕੌਮ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸਨ। ਹਰ ਸਾਲ ਗੁਰੂ ਨਾਨਕ ਜੈਅੰਤੀ ਮੌਕੇ ਗੁਰਦੁਆਰਿਆਂ ਵਿੱਚ ਅਖੰਡ ਪਾਠ, ਨਗਰ ਕੀਰਤਨ ਆਦਿ ਦੇ ਸਮਾਗਮ ਕਰਵਾਏ ਜਾਂਦੇ ਹਨ। ਸ਼ਰਧਾਲੂ ਉਨ੍ਹਾਂ ਦੇ ਉਪਦੇਸ਼ ਮੰਨਣ ਦਾ ਪ੍ਰਣ ਲੈਂਦੇ ਹਨ। ਜਾਣੋ ਗੁਰੂ ਨਾਨਕ ਜੈਅੰਤੀ ਦੀ ਤਾਰੀਖ, ਇਤਿਹਾਸ ਤੇ ਖਾਸ ਗੱਲਾਂ।

ਗੁਰੂ ਨਾਨਕ ਜਯੰਤੀ 2023 ਦੀ ਤਾਰੀਖ

ਇਸ ਸਾਲ ਗੁਰੂ ਨਾਨਕ ਜਯੰਤੀ 27 ਨਵੰਬਰ 2023 ਨੂੰ ਮਨਾਈ ਜਾਵੇਗੀ। ਸ਼ੀ ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਵਿੱਚ ਕੱਤਕ ਦੀ ਪੁੰਨਿਆ ਦੇ ਦਿਨ ਹੋਇਆ ਸੀ। ਇਸ ਸਾਲ 554ਵਾਂ ਗੁਰਪੁਰਬ ਮਨਾਇਆ ਜਾਏਗਾ। ਪੂਰਨਿਮਾ ਤਿਥੀ 26 ਨਵੰਬਰ 2023 ਨੂੰ ਦੁਪਹਿਰ 03.53 ਵਜੇ ਤੋਂ ਸ਼ੁਰੂ ਹੋਵੇਗੀ ਤੇ ਅਗਲੇ ਦਿਨ 27 ਨਵੰਬਰ 2023 ਨੂੰ ਦੁਪਹਿਰ 02.45 ਵਜੇ ਤੱਕ ਜਾਰੀ ਰਹੇਗੀ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸ

ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ। ਉਨ੍ਹਾਂ ਦਾ ਜਨਮ ਲਾਹੌਰ ਤੋਂ 64 ਕਿਲੋਮੀਟਰ ਦੂਰ ਪਾਕਿਸਤਾਨ ਦੇ ਮੌਜੂਦਾ ਪੰਜਾਬ ਸੂਬੇ ਦੇ ਤਲਵੰਡੀ ਵਿੱਚ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਤੋਂ ਇਲਾਵਾ, ਉਨ੍ਹਾਂ ਨੂੰ ਅੱਜ ਵੀ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਧਾਰਮਿਕ ਸੁਧਾਰਕ, ਸੱਚੇ ਦੇਸ਼ ਭਗਤ ਤੇ ਯੋਗੀ ਵਜੋਂ ਯਾਦ ਕੀਤਾ ਜਾਂਦਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਪ੍ਰਤੀ ਸਮਰਪਣ ਬਹੁਤ ਉੱਚਾ ਸੀ। ਲੋਕਾਂ ਨੇ ਉਨ੍ਹਾਂ ਦੇ ਬਚਪਨ ਤੋਂ ਹੀ ਬਹੁਤ ਸਾਰੇ ਚਮਤਕਾਰ ਵੇਖੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਨਾਨਕ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਈਰਾਨ ਤੇ ਅਰਬ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਕੀਤਾ ਸੀ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ‘ਚ ਮਾਤਾ ਸੁਲੱਖਣੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸ੍ਰੀਚੰਦ ਤੇ ਲਖਮੀਦਾਸ ਸਨ। ਗੁਰਪੁਰਬ ਦਾ ਦਿਹਾੜਾ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਤੇ ਵਿਰਾਸਤ ਦਾ ਸਨਮਾਨ ਕਰਦਾ ਹੈ।

ਗੁਰੂ ਨਾਨਕ ਜੀ ਦੇ 3 ਵੱਡੇ ਉਪਦੇਸ਼

ਨਾਮ ਜਪੋ-ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣਾ ਮਨ ਨੂੰ ਇਕਾਗਰ ਕਰਦਾ ਹੈ ਤੇ ਆਤਮਿਕ-ਮਾਨਸਿਕ ਬਲ ਦਿੰਦਾ ਹੈ। ਮਨੁੱਖ ਦੇ ਤੇਜ ਵਧਦਾ ਹੈ।
ਕਿਰਤ ਕਰੋ – ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਿਹਨਤ ਨਾਲ ਕਮਾਇਆ ਧਨ ਅਮੀਰਾਂ ਦੀ ਗੁਲਾਮੀ ਨਾਲੋਂ ਕਈ ਗੁਣਾ ਵਧੀਆ ਹੈ।
ਵੰਡ ਛਕੋ- ਇਸ ਦਾ ਸ਼ਾਬਦਿਕ ਅਰਥ ਹੈ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਜਾਂ ਦੂਜਿਆਂ ਦੀ ਭਲਾਈ ਲਈ ਖਰਚ ਕਰਨਾ। ਸਿੱਖ ਇਸ ਆਧਾਰ ‘ਤੇ ਆਮਦਨ ਦਾ 10ਵਾਂ ਹਿੱਸਾ ਧਰਮ ਤੇ ਸਮਾਜ ਦੇ ਨਾਂ ਦਿੰਦੇ ਹਨ, ਜਿਸ ਨੂੰ ਦਸਵੰਧ ਕਿਹਾ ਜਾਂਦਾ ਹੈ। ਇਸ ਨਾਲ ਲੰਗਰ ਚਲਾਇਆ ਜਾਂਦਾ ਹੈ।

ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੁਲ ਆ ਕੇ ਪਤਾ ਲੱਗਾ ਕਿ ਬਾਬਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ ਦੇ ਹਮਲੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚ ਗਏ। ਫਿਰ ਉਹ ਭਾਈ ਲਾਲੋ ਦੇ ਕੋਲ ਗਏ ਜਿਸ ਨੂੰ ਉਨ੍ਹਾਂ ਆਪਣੇ ਪ੍ਰਚਾਰ ਲਈ ਥਾਪਿਆ ਸੀ। ਬਾਬਰ ਦੇ ਹਮਲੇ ਬਾਰੇ ਗੁਰੂ ਜੀ ਨੇ ਇਕ ਸ਼ਬਦ ਉਚਾਰਿਆ, “ਹੇ ਭਾਈ ਲਾਲੋ। ਮੈਨੂੰ ਜਿਹੋ ਜਿਹੀ ਪ੍ਰਭੂ ਵਲੋਂ ਬਾਣੀ ਰੂਪ ਵਿਚ ਪ੍ਰੇਰਣਾ ਆ ਰਹੀ ਹੈ। ਉਸੇ ਤਰ੍ਹਾਂ ਮੈਂ ਉਸ ਦੁਰਘਟਨਾ ਬਾਰੇ ਦੱਸ ਰਿਹਾ ਹਾਂ। ਬਾਬੁਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਵੀ ਜੰਙ ਹੈ, ਇੱਕਠੀ ਕਰਕੇ ਆ ਚੜ੍ਹਿਆ ਹੈ ਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾ ਦਾਨ ਮੰਗ ਰਿਹਾ ਹੈ” ।
ਸਾਲ 1520 ਈ ਵਿਚ ਬਾਬਰ ਐਮਨਾਬਾਦ ਪਹੁੰਚ ਗਿਆ। ਸਥਾਨਕ ਸ਼ਾਸਕਾਂ ਨੇ ਬਾਬਰ ਦਾ ਸਾਹਮਣਾ ਕਰਨ ਲਈ ਕੋਈ ਫੌਜੀ ਤਿਆਰੀਆਂ ਨਹੀਂ ਕੀਤੀਆਂ ਪਰ ਉਨ੍ਹਾਂ ਨੂੰ ਕੁਝ ਮੁੱਲਾਂ (ਇਸਲਾਮਿਕ ਅਧਿਆਪਕਾਂ) ਬਾਬਰ ਨੇ ਬੜੀ ਆਸਾਨੀ ਨਾਲ ਸਥਾਨਕ ਸ਼ਾਸਕਾਂ ਨੂੰ ਹਰਾ ਦਿੱਤਾ। ਜੇਤੂ ਫੌਜ ਨੇ ਸ਼ਹਿਰ ਨੂੰ ਹਰ ਤਰ੍ਹਾਂ ਨਾਲ ਜਿਵੇਂ ਚਾਹਿਆ ਲੁੱਟਿਆ। ਉਥੇ ਕੋਈ ਵੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ ਸੀ। ਬਾਬਰ ਦੀ ਸੈਨਾ ਨੇ ਹਜ਼ਾਰਾਂ ਮਾਸੂਮਾਂ ਦਾ ਕਤਲ ਕਰ ਦਿੱਤਾ। ਆਦਮੀ, ਔਰਤਾਂ ਤੇ ਬੱਚੇ ਮਰਨ ਤੋਂ ਬਚ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਤੇ ਸੈਨਾ ਲਈ ਚੱਕੀਆਂ ਤੇ ਆਟਾ ਪੀਸਣ ਲਾ ਦਿੱਤਾ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ ਤੇ ਚੱਕੀ ਪੀਹਣ ਲਾ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਕੈਦੀਆਂ ਦੇ ਕੈਂਪ ਵਿਚ ਦਾਖਲ ਹੋਏ ਤਾਂ ਕੈਦੀ ਦੁੱਖ ਨਾਲ ਕੁਰਲਾਅ ਰਹੇ ਸਨ। ਉਹ ਆਪਣੇ ਰਿਸ਼ਤੇਦਾਰਾਂ ਲਈ ਵਿਰਲਾਪ ਕਰ ਰਹੇ ਸਨ ਜੋ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ। ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਜਬਰੀ ਰੋਜ਼ ਆਟਾ ਪੀਸਣਾ ਪੈ ਰਿਹਾ ਸੀ। ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਜਿਸ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲੀ। ਬਾਬਰ ਦੇ ਜਨਰਲ ਮੀਰ ਖਾਨ ਨੇ ਬਾਬਰ ਨੂੰ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਦੇ ਹਨ ਤਾਂ ਸਾਰੇ ਕੈਦੀ ਸ਼ਾਂਤ ਤੇ ਅਡੋਲ ਹੋ ਜਾਂਦੇ ਹਨ। ਬਾਬਰ ਬਹੁਤ ਹੈਰਾਨ ਹੋਇਆ ਤੇ ਉਹ ਆਪ ਵੇਖਣ ਲਈ ਜੇਲ੍ਹ ਅੰਦਰ ਗਿਆ। ਉਸ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਛੱਡ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ ਹੇ ਰਾਜਨ ਮੈਂ ਇਕੱਲਾ ਬਾਹਰ ਨਹੀਂ ਜਾਂਵਾਗਾ। ਮੈਂ ਉਦੋਂ ਹੀ ਜਾਵਾਂਗਾ ਜਦੋਂ ਸਾਰੇ ਕੈਦੀ ਛੱਡ ਦਿੱਤੇ ਜਾਣਗੇ। ਬਾਬਰ ਨੇ ਗੁਰੂ ਜੀ ਦੇ ਕਹਿਣ ਤੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਬਾਬਰ ਗੁਰੂ ਜੀ ਤੋਂ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਗੁਰੂ ਜੀ ਨੇ ਕਿਹਾ ਇਕ ਨੇਕ ਤੇ ਦਿਆਲੂ ਰਾਜਾ ਬਣ ਕੇ ਲੋਕਾਂ ਦੀ ਭਲਾਈ ਦੇ ਕੰਮ ਕਰ। ਰੱਬੀ ਬੰਦਿਆਂ ਦਾ ਸਤਿਕਾਰ ਕਰੇ। ਰੱਬ ਨੂੰ ਹਮੇਸ਼ਾ ਯਾਦ ਰੱਖ। ਬਾਬਰ ਨੇ ਗੁਰੂ ਜੀ ਦੁਆਰਾ ਦਿੱਤੀ ਸਿੱਖਿਆ ਤੇ ਅਮਲ ਕਰਨਾ ਮੰਨ ਲਿਆ।

ਗੁਰੂ ਨਾਨਕ ਦੇਵ ਜੀ ਤੁਹਾਨੂੰ ਤੰਦਰੁਸਤੀ,
ਦੌਲਤ, ਸ਼ਾਂਤੀ ਅਤੇ ਬੁੱਧੀ ਬਖਸ਼ਣ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ
ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
554 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ
ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
#ਵਾਹਿਗੁਰੂ ਜੀ

Begin typing your search term above and press enter to search. Press ESC to cancel.

Back To Top