ਮਾਛੀਵਾੜਾ ਭਾਗ 4

ਮਾਛੀਵਾੜਾ ਭਾਗ 4
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )


Related Posts

One thought on “ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹਾ, “ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ, ਮੇਰਾ ਪੰਜਵਾਂ ਪੁੱਤਰ ਖ਼ਾਲਸਾ ਅਜੇ…..!!! ਸਾਰੇ ਜਰੂਰ ਸ਼ੇਅਰ ਕਰੋ ਜੀ

  1. ਫਿਰ ਅੱਗੇ ਕੀ ਹੋਇਆ ਇਸ ਦਾ ਪੁਰਾ ਇਤਿਹਾਸ ਨਹੀ ਹੈ ਇਹ ਤਾ!

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top