ਅਮ੍ਰਿਤ ਵੇਲੇ ਦਾ ਹੁਕਮਨਾਮਾ – 1 ਜਨਵਰੀ 2024
ਅੰਗ : 704
ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥
ਅਰਥ: ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕੁ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧। ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
🙏🙏🌸🌼🌺ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ 🌸🌼🌺🙏🙏
J Ho Ske Ta Hukumnana Sahib And Viyakhya Nu V Sound Form Ch De Dita Jaae, Like If Incouldnot Read, I Could Atleast Listen