ਸੰਧਿਆ ਵੇਲੇ ਦਾ ਹੁਕਮਨਾਮਾ – 25 ਅਗਸਤ 2025
ਅੰਗ : 672
ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥


🙏🙏🌼🌸🌺Ek Onkar Satguru Parshad Waheguru Ji Poh Mahina Sab Lai Khusi Liave Ji🌼🌸🌺🙏🙏