ਸੰਧਿਆ ਵੇਲੇ ਦਾ ਹੁਕਮਨਾਮਾ – 21 ਜੁਲਾਈ 2025
ਅੰਗ : 628
ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਅਰਥ: ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ।ਰਹਾਉ। ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ। (ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ (ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ। ਹੇ ਨਾਨਕ! ਆਖ-) ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ।੨।੧੪।੭੮।
wahe guru mehar kre ji Sat shari akal ji kinda ji sab thek thak ji