ਰਹਿਰਾਸ ਸਾਹਿਬ

ਰਹਿਰਾਸ ਸਾਹਿਬ
ਰਹਿਰਾਸ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪ੍ਰਮਾਤਮਾ ਦੀ ਯਾਦ ਵਿਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ। ਦਿਨ ਦੀ ਸਮਾਪਤੀ ਤੇ ਇਹਦਾ ਪਾਠ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸਜੀਵ ਆਲੇ ਦੁਆਲੇ ਨੂੰ ਊਰਜਾ ਪ੍ਰਦਾਨ ਕਰਨਾ ਹੈ।ਸਿੱਖ ਆਪਣੀ ਦਿਨ ਭਰ ਦੀ ਥਕਾਵਟ ਇਸ ਦੁਆਰਾ ਦੂਰ ਕਰਦਾ ਹੈ। ਪ੍ਰਮਾਤਮਾ ਨੂੰ ਯਾਦ ਕਰਦਿਆਂ ਸਿੱਖ ਤਰੋਤਾਜ਼ਾ ਹੋ ਜਾਂਦਾ ਹੈ। ਰਹਿਰਾਸ ਸਾਹਿਬ ਨਾਲ ਮਨ ਨੂੰ ਸਕੂਨ ਮਿਲਦਾ ਹੈ ਜਿਸ ਨਾਲ ਭਟਕਣਾ ਦੂਰ ਹੁੰਦੀ ਹੈ ਔਰ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਰਾਸ ਸਾਹਿਬ ਨੂੰ ਹਰ ਰੋਜ਼ ਕਰਨਾ ਜਰੂਰੀ ਹੈ ਕਿਉਂ ਕੇ ਸਿੱਖ ਨੂੰ ਹੁਕਮ ਵੀ ਹੈ ਔਰ ਇਹ ਆਤਮਾ ਦੀ ਇਕ ਬਹੁਤ ਹੀ ਵਡਮੁੱਲੀ ਖੁਰਾਕ ਵੀ ਇਹਨੂੰ ਜਪਣ ਨਾਲ ਖ਼ੁਦ ਨੂੰ ਸਵੇਰੇ ਉੱਠਣ ਚ ਵੀ ਤਰੋਤਾਜਗੀ ਮਿਲਦੀ ਹੈ। ਸਾਰੇ ਦਿਨ ਦੇ ਕਾਰ ਵਿਹਾਰਾਂ ਪਿੱਛੋਂ ਖਿੰਡਰਿਆ ਪੁੰਨਡਰਿਆ ਮਨ ਟਿਕਦਾ ਹੈ ਤਾ ਰਹਿਰਾਸ ਸਾਹਿਬ ਦੀ ਬਾਣੀ ਰਾਹੀਂ ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮੱਕਸਦ ਯਾਦ ਕਰਵਾਇਆ ਜਾਂਦਾ ਹੈl ਰਹਿਰਾਸ ਸਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਹੋਈ ਸੀ l ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ –

“ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ ਮਿਲੰਦੇ “

ਰਹਿ ਮਤਲਬ ਰਸਤਾ ਤੇ ਰਾਸ ਮਤਲਬ ਪੂੰਜੀ- ਰਹਿਰਾਸ,ਸਾਡੀ ਹਰੀ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈl ਪਹਿਲਾਂ ਇਸ ਬਾਣੀ ਨੂੰ ‘ਸੋਦਰੁ’ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈl ਦਸਮ ਪਾਤਸ਼ਾਹ ਵੇਲੇ ਇਸ ਬਾਣੀ ਦੇ ਕੇਵਲ 9 ਸ਼ਬਦ ਸਨl ਸੋਦਰੁ ਦੇ ਪੰਜ ਸ਼ਬਦ ਤੇ ਸੋ ਪੁਰਖ ਦੇ ਚਾਰ ਸ਼ਬਦ ਪਰੰਤੂ ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ l ਰਹਿਰਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’) ਤਕ ਹੈ, ‘ਸੋਦਰ ਜਪੁਜੀ ਸਾਹਿਬ ਦੀ 27 ਪਉੜੀ ਵਿੱਚ ਆਉਂਦਾ ਜਦ ਕਿ ਰਹਿਰਾਸ ਸਾਹਿਬ ਦੀ ਸ਼ੁਰੂਵਾਤ ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾਸ ਸਾਹਿਬ ਜੀ ਦਾ ਪਹਿਲਾਂ ਸ਼ਬਦ ਹੈl ਜਪੁਜੀ ਕਿਸੇ ਰਾਗ ਨਾਲ ਸਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਹ ਰਾਗ ਆਸਾ ਦੇ ਸਿਰਲੇਖ ਹੇਠਾਂ ਆਉਂਦਾ ਹੈl ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ।

“ਸੰਧਿਆ ਸਮੇ ਸੁਨੇ ਰਹਿਰਾਸ” ਅਤੇ “ਬਿਨ ਰਹਿਰਾਸ ਸਮਾਂ ਜੋ ਖੋਵੇ “

ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ ਕਰਦੇ ਹਨ ? ਤੇਰਾ ਘਰ ਤੇ ਦਰ ਕਿਹੋ ਜਿਹਾ ਹੋਵੇਗਾ ਜਿੱਥੇ ਤੂੰ ਸਾਰੀ ਸ੍ਰਿਸ਼ਟੀ ਰਚਕੇ ਉਸਦੀ ਸੰਭਾਲ ਕਰ ਰਿਹਾ ਹੈਂ l ਤੇਰੀ ਰਚੀ ਕੁਦਰਤ ਵਿੱਚ ਅਣਗਿਣਤ ਵਾਜੇ ਤੇ ਨਾਦ ਹਨ ਜੋ ਤੇਰੀ ਰਚੀ ਕੁਦਰਤ ਵਿੱਚ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ l ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ,ਭਗਤ ਸਿੱਧ,ਜੋਗੀ,ਜਪੀ, ਤਪੀ ,ਸਤੀ, ਸੰਤੋਖੀ, ਖੰਡ -ਮੰਡਲ, ਬਰਹਿਮੰਡ,ਪੋਣ,ਪਾਣੀ, ਬੈਸੰਤਰ, ਸਭ ਤੇਰੀ ਸਿਫਤ ਸਲਾਹ ਕਰ ਰਹੇ ਹਨl

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏🏻
ਭੁੱਲ ਚੁੱਕ ਮੁਆਫ
ਦਾਸ ਸਿਮਰਨਜੀਤ ਸਿੰਘ ਖ਼ਾਲਸਾ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top