ਮਾਛੀਵਾੜਾ ਭਾਗ 11
ਮਾਛੀਵਾੜਾ ਭਾਗ 11
ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )



waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji waheguru ji