ਇਤਿਹਾਸ – ਮਾਤਾ ਕਿਸ਼ਨ ਕੌਰ ਜੀ

ਮਾਤਾ ਕਿਸ਼ਨ ਕੌਰ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਹਿਲ ਸਨ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ ।
ਬੀਬੀ ਕਿਸ਼ਨ ਕੌਰ ਜੀ ਦਾ ਜਨਮ ੧੬੩੨ ਦੇ ਲੱਗਭਗ ਭਾਈ ਦਇਆ ਰਾਮ ਜੀ ਅਨੂਪ ਨਗਰ ਵਾਸੀ ਦੇ ਘਰ ਹੋਇਆ । ਪ੍ਰੋ . ਸਤਿਬੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਗਿ : ਗਿਆਨ ਸਿੰਘ ਤੇ ਭਾਈ ਸੰਤੋਖ ਸਿੰਘ ਅਨੁਸਾਰ ਅਨੂਪ ਨਗਰ ਬੁਲੰਦ ਸ਼ਹਿਰ ਯੂ . ਪੀ . ਤੋਂ ਪੰਦਰਾਂ ਮੀਲ ਪੂਰਬ – ਦੱਖਣ ਵਲ ਹੈ । ਪਰ ਪਿਆਰਾ ਸਿੰਘ ਪਦਮ ਸੰਪਾਦਿਕ “ ਗੁਰੂ ਸਾਖੀਆਂ ਸਾਖੀ ਚੌਥੀ ਦੇ ਫੁੱਟ ਨੋਟ ਤੇ ਲਿਖਿਆ ਹੈ ਕਿ ਇਹ ਪਿੰਡ ਜ਼ਿਲ੍ਹਾ ਗੁਜਰਾਵਾਲਾਂ ਪਾਕਿਸਤਾਨ ਵਿੱਚ ਸਥਿਤ ਹੈ ਠੀਕ ਪ੍ਰਤੀਤ ਹੁੰਦਾ ਹੈ । ਜਿਹੜਾ ਕਿ ਅਗੇ ਵਿਆਹ ਬਾਰੇ ਲਿਖਤ ਅਨੁਸਾਰ ਬਿਲਕੁੱਲ ਸਪਸ਼ਟ ਹੋ ਜਾਂਦਾ ਹੈ । ਜਿਥੇ ਲਿਖਿਆ ਹੈ- ਬਰਾਤ ਦਰਿਆ ਸਤਲੁਜ , ਬਿਆਸਾ ਤੇ ਰਾਵੀ ਨੂੰ ਪਾਰ ਕਰਨ ਉਪਰੰਤ ਅਨੂਪ ਨਗਰ ਪੁੱਜੇ ।
ਗੁਰੂ ਹਰਿ ਰਾਇ ਜੀ ਦਾ ਵਿਆਹ
ਭਾਈ ਕਾਨ੍ਹ ਸਿੰਘ ਨਾਭਾ ਲਿਖਦਾ ਹੈ “ ਸਿੱਖ ਕੌਮ ਸਤਵੇਂ ਪਾਤਸ਼ਾਹ ਜਿਨ੍ਹਾਂ ਦਾ ਜਨਮ ੨੦ ਮਾਘ ਸੰਮਤ ੧੬੮੬ ( ੨੬ ਫਰਵਰੀ ਸੰਨ ੧੬੩੦ ) ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਕੀਰਤਪੁਰ ਹੋਇਆ | ਹਾੜ ਵਧੀ ਤਿੰਨ ਸਮਤ ੧੬੭੯ ਨੂੰ ਅਨੂਪ ਨਗਰ ਜ਼ਿਲਾ ਬੁਲੰਦ ਸ਼ਹਿਬ ਯੂ . ਪੀ . ਨਿਵਾਸੀ ਭਾਈ ਦਇਆ ਰਾਮ ਦੀ ਪੁਤਰੀ ਨਾਲ ਹੋਇਆ ਮਹਾਨ ਕੋਸ਼ ੨੬੭ ਪੰਨਾ । ਪੋ , ਸਤਿਬੀਰ ਸਿੰਘ ਲਿਖਦਾ ਹੈ ਕਿ “ ਜਦ ਹਰਿਰਾਇ ਸਤਾਰਾਂ ਸਾਲਾਂ ਦੇ ਹੋਏ ਤਾਂ ਜੂਨ ੧੬੪੭ ਵਿਚ ਸੁਲੱਖਣੀ ਬੇਟੀ ਭਾਈ ਦਇਆ ਰਾਮ ਨਾਲ ਜੋ ਅਨੂਪ ਸ਼ਹਿਰ ( ਯੂ.ਪੀ. ) ਬਲੰਦ ਸ਼ਹਿਰ ਤੋਂ ਪੰਦਰਾਂ ਮੀਲ ਪੂਰਬ ਤੇ ਉਥੋਂ ਰਤਾ ਕੁ ਦੱਖਣ ਰਹਿੰਦੇ ਸਨ ਵਿਆਹ ਹੋਇਆ | ਸੌਹਰੇ ਘਰ ਦਾ ਨਾਂ ਕਿਸ਼ਨ ਕੌਰ ਰਖਿਆ ਗਿਆ । ਸਰੂਪ ਸਿੰਘ ਕੋਸ਼ਿਸ਼ ਸਾਖੀ ਪੰਜਵੀਂ ਗੁਰੂ ਕੀਆਂ ਸਾਖੀਆਂ ਪੁਸਤਕ ਵਿਚ ਇਵੇਂ ਲਿਖਦਾ ਹੈ “ ਮਾਤਾ ਬਸੀ ( ਨਿਹਾਲ ਕੌਰ ) ਕਿਸੇ ਸਮੇਂ ਸੁਲੱਖਣੀ ਕੋ ਤੈ ਬੈਣੀ ਕਬੀ ਕੋਟ ਕਲਿਆਨੀ ਕਹਿ ਕੇ ਬੁਲਾਤੀ ਥੀ ਕੇਸਰ ਸਿੰਘ ਛਿਬਰ ਗੁਰੂ ਜੀ ਦੇ ਵਿਆਹ ਬਾਰੇ ਇਉਂ ਲਿਖਦੇ ਹਨ : ਸੰਮਤ ਸੋਲਾਂ ਸੋਸਤਾਨਵੇ ਜਗਮਾਇ ॥ ਤਬ ਗੁਰੂਹਰਿ ਰਾਇ ਅਨੂਪ ਗਾਉ ਮੇਂ ਬਿਆਹੁ ਕਰਤੇ ਭਇ ॥
ਪਿਆਰਾ ਸਿੰਘ ਪਦਮ ਦੀ ਸੰਪਾਦਤ ਜਿਹੜੀ ਗੁਰਮੁਖੀ ਲਿਪੀ ਵਿਚ “ ਗੁਰੂ ਕੀਆਂ ਸਾਖੀਆ ‘ ਸਰੂਪ ਸਿੰਘ ਕੋਸ਼ਿਸ਼ ਸੰਮਤ ੧੮੪੭ ਜੇਠ ਮਹੀਨੇ ਦੀ ਪੰਦਰਾਂ ਭਾਦਸ ਨਗਰ ਵਿਚ ਲਿਖੀ ਗਈ । ਫਿਰ ਉਸ ਦੀ ਇਕ ਨਕਲ ਫਗਨ ਸੁਦੀ ਦਸਮੀ ਸੰਮਤ ੧੯੨੫ ਨੂੰ ਛਜੂ ਸਿੰਘ ਭੱਟ ਨੇ ਭਾਦਸੋ ਨਗਰ ਵਿਚ ਹੋਈ । ਇਹ ਪਿਛਲੀਆਂ ਲਿਖੀਆਂ ਲਿਖਤਾਂ ਨਾਲੋਂ ਪ੍ਰਾਚੀਨ ਹੈ । ਇਸ ਲਈ ਇਹ ਲਿਖਤ ਉਪਰ ਲਿਖੀਆਂ ਨਾਲੋਂ ਪੁਰਾਣੀ ਹੈ ਇਸ ਲਈ ਇਸ ਨੂੰ ਪ੍ਰਮਾਨੀ ਜਾਇਜ਼ ਮੰਨਣਾ ਬਣਦਾ ਹੈ । ਇਸ ਵਿਚ ( ਗੁਰੂ ) ਹਰਿ ਰਾਇ ਸਾਹਿਬ ਦੇ ਵਿਆਹ ਬਾਰੇ ਇਉਂ ਅੰਕਤ ਹੈ : -ਏਕ ਦਿਹ ਦੋਆ ਰਾਮ ਸਿੱਲੀ ਖੱਤਰੀ ਅਨੂਪ ਨਗਰੀ ਸੇ ਕੀਰਤਪੁਰ ਆਇਆ । ਇਸ ਨੇ ਆਪਣੀ ਲੜਕੀ ਸੁਲੱਖਣੀ ਕੀ ਮੰਗਣੀ ( ਗੁਰੂ ) ਹਰਿਰਾਇ ਜੀ ਕੇ ਸਾਥ ਕੀ । ਤੀਜੇ ਬਰਸ ਇਸ ਸਾਹੇ ਕੀ ਚਿੱਠੀ ਲਿਖਾਇ ਕੀਰਤਪੁਰ ਭੇਜੀ । ਪ੍ਰੋਹਤ ਸਿੱਲੀਆਂ ਕਾ ਅਨੂਪ ਨਗਰੀ ਸੇ ਚਲ ਕੇ ਕੀਰਤਪੁਰ ਆਇ ਗਿਆ । ਮਾਤਾ ਬੱਸੀ ( ਮਾਤਾ ਨਿਹਾਲ ਕੌਰ ) ਜਹਾਂ ਦੋਹਾਂ ਸਾਹਿਬਜ਼ਾਦਿਆਂ ਧੀਰ ਮਲ ਤੇ ਹਰਿ ਰਾਇ ਕੋ ਬਿਠਾਇ ਕਰ ਸ੍ਰੀ ਗ੍ਰੰਥ ਸਾਹਿਬ ਕਾ ਵਿਚਾਰ ਕਰਾਇ ਰਹੀ ਸੀ । ਦੀਵਾਨ ਦਰਗ਼ਾਹ ਮਲ , ਪ੍ਰੋਹਤ ਕੋ ਵਹਾਂ ਲੈ ਕੇ ਆ ਗਿਆ ਆਗੇ ਸੇ ਮਾਤਾ ਜੀ ਨੇ ਪ੍ਰੋਹਤ ਕੋ ਬੈਠਨੇ ਕੇ ਲੀਏ ਮੂੜਾ ਦਿਆ । ਦੀਵਾਨ ਸਾਹੇ ਦੀ ਚਿੱਠੀ ਬਾਚ ਕੇ ਸੁਣਾਈ । ਕਹਾ ਮਾਤਾ ਜੀ ਸ੍ਰੀ ਹਰਿਰਾਇ ਜੀ ਦਾ ਸ਼ੁਭ ਬਿਵਾਹ ਕਾ ਸੁਭ ਦਿਵਸ ਸੰਮਤ ਸੌਲਾ ਸੈ ਸਤਾਨਵੇਂ ਸੱਤ ਹਾੜ ਕਾ ਹੈ।ਤਿਆਰੀ ਕਰਨੀ ਚਾਹੀਏ । ਕੀਰਤਪੁਰ ਸੇ ਅਨੂਪ ਨਗਰ ਜਾਨੇ ਕੇ ਲੀਏ ਜਨੇਤ ਤਿਆਰ ਹੋਣ ਲੱਗੀ । ਗੁਰੂ ਹਰਿਗੋਬਿੰਦ ਜੀ ਨੇ ਬੇਟੇ ਅਣੀ ਰਾਇ ਕੋ ਸਾਰੀ ਵਾਰਤਾ ਸਮਝਾਇ ਕੇ ਤਿਆਰ ਕੀਆ । ਜਨੇਤ ਕੇ ਸਾਥ ਸੂਰਜ ਮੱਲ , ਸ੍ਰੀ ਤੇਗ ਬਹਾਦਰ , ਸ੍ਰੀ ਧੀਰ ਮਲ ਜੀ ਸਾਰੇ ਆਇ ॥
ਜਨੇਤ ਕੀਰਤਪੁਰ ਸੇ ਚਲ ਕਰ ਦਰਿਆਏ ਸਤਲੁਜ , ਬਿਆਸ , ਰਾਵੀ ਪਾਰ ਹੋਇਕੇ ਅਨੂਪ ਨਗਰੀ ਮੇਂ ਜਾਇ ਪਹੁੰਚੀ । ਦੁਆ ਰਾਮ ਸਿੱਲੀ ਨੇ ਇਨ ਕੋ ਆਨੇ ਕਾ ਬੜਾ ਆਓ ਭਗਤ ਕੀਆ । ਅਗਲੇ ਦਿਨ ਇਨ ਕੀ ਬੇਟੀ ਸੁਲੱਖਣੀ ਦਾ ਬਿਵਾਹ ਹਰਿਰਾਇ ਜੀ ਸੰਗ ਹੂਆ । ਤੀਜੇ ਦਿਨ ਡੋਲੀ ਅਨੂਪ ਗਾਓ ਸੇ ਵਿਦਿਆ ਹੋਈ । ਜਨੇਤ ਵਾਪਸੀ ਸਨੇ ਸੁਨੇ ਕੀਰਤਪੁਰ ਨਗਰੀ ਮੇ ਆਏ ਗਈ | ਮਾਤਾ ਬੱਸੀ ਨੇ ਬੇਟੇ ਕੇ ਵਿਆਹ ਕੀ ਖੁਸ਼ੀ ਮੇ ਸਾਰੇ ਸ਼ਗਨ ਮਨਾਏ । ਅਤਿਥ ਅਰਥੀ ਕੋ ਮਨ ਬਾਂਛਤ ਦਾਨ ਦੀਆਂ । ਪਾਂਚ ਦਿਹੁੰ ਡੋਲੀ । ਕੀਰਤਪੁਰ ਪੁਰ ਮੈਂ ਰਹਿ ਕੇ ਵਾਪਸ ਅਨੂਪ ਨਗਰੀ ਕੋ ਆਈ।ਦੁਆ ਰਾਮ ਕੁਝ ਕਾਲ ਅਰੂਪ ਗਾਓਂ ਮੇਂ ਰਹਿ ਕੇ – ਕੋਟ ਕਲਿਆਨਪੁਰ ਮੇ ਚਲ ਆਇਆ ਦੂਜੇ ਬਰਖ ਸਾਲ ਸਤਰਾਂ ਸੈ ਨੜਿਨਮੇਂ ਅਸਾਡ ਤੀਜ ਕੇ ਦਿਹੁੰ ਬੇਟੀ ਸੁਲੱਖਣੀ ਦਾ ਮੁਕਲਾਵਾ ਤੋਰਾ ਕੀਰਤਪੁਰ ਮਾਤਾ ਬੱਸੀ ਨੇ ਸਿਰਵਾਰਨਾ ਕੀਆ ਔਰ ਖੁਸ਼ੀਆਂ ਮਣਾਈਆਂ । ਅਥਿਤ ਅਰਥੀ ( ਡੋਲੀ ਚੁੱਕਣ ਵਾਲੇ ਕੁਹਾਰ ) ਸਭਨਾ ਨੇ ਮਨ ਬਾਂਛਤ ਦਾਨ ਪਾਇਆ ॥੫ ॥
ਮਾਤਾ ਸੁਲੱਖਣੀ ਜੀ ਪੇਕਿਆਂ ਦਾ ਨਾਂਮ ਸੀ ਮਾਤਾ ਕਿਸ਼ਨ ਕੌਰ ਸਹੁਰਾ ਘਰ ਦਾ ਨਾਂਮ ਸੀ।
ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ ਤੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਤਿੰਨ ਬੱਚਿਆਂ ਨੇ ਜਨਮ ਲਿਆ। ਵੱਡੇ ਬਾਬਾ ਰਾਮ ਰਾਏ ਜੀ ਉਸ ਤੋ ਬਾਅਦ ਇਕ ਧੀ ਬੀਬੀ ਰੂਪ ਕੌਰ ਜੀ ਤੇ ਸੱਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ।
ਮਾਤਾ ਕ੍ਰਿਸ਼ਨ ਕੌਰ ਜੀ ਨੂੰ ਗੁਰੂ ਜੀ ਹੋਰਾਂ ਨਾਮ ਜਪਣ , ਸਿਮਰਨ ਕਰਨ ਤੇ ਹੋਰਾਂ ਨੂੰ ਨਾਮ ਬਾਣੀ ਵੱਲ ਪ੍ਰੇਰਨ ਲਈ ਕਿਹਾ । ਆਪਣੀ ਹਉਮੈ ਨੂੰ ਤਿਆਗ ਸੰਗਤ ਦੀ ਸੇਵਾ ਅਤੇ ਆਪਣੀ ਹੱਥੀਂ ਲੰਗਰ ਤਿਆਰ , ਗੁਰੂ ਕਾ ਲੰਗਰ ਚਲਾਉਣ , ਵਰਤਨ ਤੋਂ ਪਹਿਲਾਂ ਨਗਾਰਾ ਵਜਾਉਣਾ ਤਾਂ ਕਿ ਹਰ ਕੋਈ ਦੂਰੋਂ – ਨੇੜਿਓ ਇਹ ਆਵਾਜ਼ ਸੁਣ ਆਪਣੀ ਭੁੱਖ ਤ੍ਰਿਪਤ ਕਰ ਸਕਣ । ਗੁਰੂ ਜੀ ਇਹ ਵੀ ਆਦੇਸ਼ ਦਿੱਤਾ ਕਿ ਹਰ ਇਕ ਅਭਿਲਾਸ਼ੀ ਨੂੰ ਗੁਰੂ ਰੂਪ ਸਮਝ ਕੇ ਸੇਵਾ ਕੀਤੀ ਜਾਵੇ । ਇਹੋ ਹੀ ਉਪਦੇਸ਼ ਗੁਰੂ ਜੀ ਹੋਰਾਂ ਭਾ ਭਗਤੂ ਤੇ ਭਾਈ ਫੇਰੂ ਜੀ ਨੂੰ ਵੀ ਕਿਹਾ ਸੀ । ਭਾ : ਮੀਹਾਂ ਆਦਿ ਸਿੱਖਾਂ ਨੂੰ ਵੀ ਏਸੇ ਤਰ੍ਹਾਂ ਨਿਸ਼ਕਾਮ ਲੰਗਰ ਚਲਾਉਣ ਲਈ ਦਿੱਤਾ ਸੀ । ਇਨ੍ਹਾਂ ਸਿੱਖਾਂ ਤੇ ਮਾਤਾ ਕਿਸ਼ਨ ਕੌਰ ਨੇ ਆਪਣੇ ਲੰਗਰ ਬੜੇ ਸੁਚੱਜੇ ਢੰਗ ਤੇ ਸਿਦਕ ਤੇ ਪਿਆਰ ਨਾਲ ਚਲਾਏ । ਮਾਤਾ ਆਈ ਸੰਗਤ ਨੂੰ ਆਪਣੀ ਸੰਤਾਨ ਮੰਨ ਲੰਗਰ ਛਕਾਅ ਕੇ ਖੁਸ਼ ਹੁੰਦੀ । ਭਾਵੇਂ ਗੁਰੂ ਜੀ ਬਹੁਤਾ ਸਮਾਂ ਪ੍ਰਚਾਰ ਦੌਰਿਆਂ ਵਿਚ ਬਤੀਤ ਕੀਤਾ । ਮਾਤਾ ਜੀ ਹਰ ਸਮੇਂ ਆਪ ਦੇ ਸਾਥ ਰਹੇ । ਸਾਰੀ ਸੰਗਤ ਤੇ ਬਾਹਰੋਂ ਮਿਲਣ ਆਏ ਜਗਿਆਸੂਆਂ ਦੀ ਸੇਵਾ ਸੰਭਾਲ ਵੀ ਮਾਤਾ ਜੀ ਨੇ ਖਿੜੇ ਮੱਥੇ ਕੀਤੀ । ਹਰ ਇਕ ਨੂੰ ਬਰਾਬਰ ਦਾ ਪਿਆਰ , ਮਿੱਠਾ ਬੋਲ , ਧੀਰੇ ਤੇ ਨਿਘੇ ਸੁਭਾ ਨਾਲ ਨਿਵਾਜਿਆ । ਗੁਰੂ ਜੀ ਆਪ ਦੇ ਇਸ ਚੰਗੇ ਸੁਭਾਵ ਤੋਂ ਬੜੇ ਪ੍ਰਸ਼ਨ ਤੇ ਸੁੰਤਸ਼ਟ ਸਨ ।
ਗੁਰੂ ਹਰਿ ਰਾਇ ਸੀ ੬ ਅਕਤੂਬਰ ੧੬੬੨ ਐਤਵਾਰ ਜੋਤੀ – ਜੋਤਿ ਸਮਾ ਗਏ।ਗੁਰੂ ਹਰਿਕ੍ਰਿਸ਼ਨ ਦੀ ਆਯੂ ਉਸ ਸਮੇਂ ਕੇਵਲ ਸਵਾ ਪੰਜ ਸਾਲ ਸੀ । ਉਸ ਵੇਲੇ ਅਫ਼ਸੋਸ ਲਈ ਆਏ ਗਏ ਸਿੱਖਾਂ ਦੀ ਮਾਤਾ ਕਿਸ਼ਨ ਕੌਰ ਨੇ ਬੜੇ ਚੰਗੇ ਢੰਗ ਸੇਵਾ ਸੰਭਾਲ ਕਰ ਮਾਤਾ ਬੱਸੀ ( ਨਿਹਾਲ ਕੌਰ ) ਦਾ ਕਾਫੀ ਹੱਥ ਵਟਾਇਆ ਭਾਵੇਂ ਹੋਰ ਵੀ ਮੁੱਖੀ ਸਿੱਖ ਇਹ ਜ਼ਿਮੇਵਾਰੀ ਨਿਭਾਉਂਦੇ ਰਹੇ ਗੁਰੂ ਕੀ ਸਾਖੀਆਂ ਵਿਚ ਲਿਖਿਆ ਹੈ ਕਿ “ ਬਾਬਾ ਸੂਰਜ ਮਲ ਜੀ , ਮਾਤਾ ਬੱਸੀ , ਸੁਲੱਖਣੀ ( ਕਿਸ਼ਨ ਕੌਰ ) ਬਾਹਰੋਂ ਆਈਆਂ ਸੰਗਤਾਂ ਦੀ ਹਰ ਤਰ੍ਹਾਂ ਦੀ ਦੇਖਭਾਲ ਕਰ ਰਹੇ ਸਨ । ਦੀਵਾਨ ਦਰਘਾਹ ਮੱਲ , ਭਾਈ ਮਨੀ ਰਾਮ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਚਲਾ ਰਹੇ ਸਨ । ਹੁਣ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰ ਗੱਦੀ ਤੇ ਪਧਾਰਨ ਤੇ ਬਾਬਾ ਰਾਮ ਰਾਇ , ਜਿਸ ਨੂੰ ਉਸ ਦੇ ਪਿਤਾ ਨੇ ਗੁਰੂ ਘਰ ਵੱਲੋਂ ਇਸ ਲਈ ਦੁਰਕਾਰ ਦਿੱਤਾ ਸੀ ਕਿ ਉਸ ਨੇ ਗੁਰਬਾਣੀ ਨੂੰ ਬਦਲ ਦਿੱਤਾ ਤੇ ਨਾਲ ਹੀ ਕਰਾਮਾਤਾਂ ਦਿਖਾ ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਦਾ ਸੀ । ਉਸ ਨੇ ਦਿੱਲੀ ਵਿਚ ਅਠਵਾਂ ਗੁਰੂ ਬਣ ਕਾਰ ਭੇਟਾ ਉਗਰਾਉਣੀ ਸ਼ੁਰੂ ਕਰ ਦਿੱਤੀ । ਕੁਝ ਭੁੱਲੜ ਉਸ ਦੀਆਂ ਕਰਾਮਾਤਾਂ ਕਰਕੇ ਉਸ ਦੇ ਪਿਛੇ ਲੱਗ ਪਏ । ਪਰ ਗੁਰੂ ਦਰਬਾਰ ਵੱਲੋਂ ਥਾਪੇ ਮਸੰਦਾਂ ਨੇ ਉਸ ਦੀ ਪ੍ਰਵਾਹ ਨਾ ਕੀਤੀ ਤੇ ਸਗੋਂ ਗੁਰੂ ਹਰਿ ਕ੍ਰਿਸ਼ਨ ਜੀ ਦੇ ਲੜ ਲੱਗੇ ਰਹੇ । ਡੇਢ ਕੁ ਸਾਲ ਇਹ ਝੂਠੀ
ਗੁਰਿਆਈ ਦੀ ਦੁਕਾਨ ਚਲਦੀ ਰਹੀ । ਜਦੋਂ ਸੰਗਤ ਨੂੰ ਗਿਆਨ ਹੋ ਗਿਆ ਤਾਂ ਇਸ ਨਾਲੋਂ ਟੁੱਟ ਗਏ । ਰਾਮ ਰਾਇ ਨੇ ਆਪਣੇ ਮਸੰਦਾਂ ਨੂੰ ਗੁਰਿਆਈ ਪ੍ਰਾਪਤ ਕਰਨ ਦੀ ਸਹਾਇਤਾ ਲਈ ਬਾਦਸ਼ਾਹ ਪਾਸ ਭੇਜਿਆ ਤੇ ਜਾ ਕੇ ਕਿਹਾ ਹਜ਼ਾਰੇ ਆਲਮ ! ਰਾਮ ਰਾਇ ਗੁਰੂ ਜੀ ਦਾ ਵੱਡਾ ਪੁੱਤਰ ਹੈ ਉਹ ਕਰਾਮਾਤਾਂ ਵੀ ਕਮਾਲ ਦੀਆਂ ਕਰਦਾ ਹੈ । ਗੁਰੂ ਹਰਿਕ੍ਰਿਸ਼ਨ ਇਸ ਦੇ ਛੋਟੇ ਭਰਾ ਨੂੰ ਦਿੱਲੀ ਸਦ ਦੋਵਾਂ ਦੀ ਪ੍ਰੀਖਿਆ ਲਈ ਜਾਵੇ । ਜੇ ਉਹ ਕੋਈ ਕਰਾਮਾਤ ਨਾ ਦਿਖਾਵੇ ਤਾਂ ਉਸ ਨੂੰ ਹੁਕਮ ਦੇ ਗੱਦੀ ਤੋਂ ਲਾਹ ਰਾਮ ਰਾਇ ਨੂੰ ਗੱਦੀ ਤੇ ਬਿਠਾਇਆ ਜਾਵੇ । ਅੰਨਾ ਕੀ ਭਾਲੇ ਦੋ ਅੱਖਾਂ ! ਉਹ ਤਾਂ ਪਹਿਲਾਂ ਹੀ ਕੋਈ ਢੁੱਚਰ ਲੱਭਦਾ ਸੀ । ਉਸ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ । ਜਦੋਂ ਔਰੰਗਜੇਬ ਦੀ ਇਸ ਮਾੜੀ ਚਾਲ ਦਾ ਪੱਤਾ ਦਿੱਲੀ ਤੇ ਕੀਰਤਪੁਰ ਦੀ ਸੰਗਤ ਤੇ ਮਾਤਾ ਕਿਸ਼ਨ ਕੌਰ ਨੂੰ ਲਗਾ ਤਾਂ ਚਿੰਤਾ ਤੁਰ ਹੋਏ । ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ । ਹੁਣ ਦਿੱਲੀ ਦੀ ਸੰਗਤ ਨੇ ਰਾਜਾ ਜੈ ਸਿੰਘ ਤੇ ਉਸ ਦੇ ਪੁੱਤਰ ਰਾਮ ਸਿੰਘ ਜੋ ਉਸ ਸਮੇਂ ਦਿੱਲੀ ਸਨ ਨੂੰ ਕਿਹਾ ਕਿ ਰਾਮ ਰਾਇ ਦੀ ਸਾਜ਼ਸ਼ ਤੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਚਾਇਆ ਜਾਵੇ । ਸਿੱਖ ਸੰਗਤ ਦੀ ਇਹ ਗਲ ਸੁਣ ਉਸ ਨੇ ਔਰੰਗਜੇਬ ਨੂੰ ਮਨਾ ਲਿਆ ਕਿ ਗੁਰੂ ਜੀ ਰਾਜੇ ਦੇ ਬੰਗਲੇ ਵਿਚ ਹੀ ਰਹਿਣਗੇ ਤੇ ਉਹ ਹੀ ਉਨ੍ਹਾਂ ਦੀ ਪ੍ਰੀਖਿਆ ਲਵੇਗਾ ਬਾਦਸ਼ਾਹ ਮੰਨ ਗਿਆ । ਬਾਦਸ਼ਾਹ ਦਾ ਸੱਦਾ ਮਿਲਣ ਤੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ । ਇਥੋਂ ਬਹੁਤ ਸੰਗਤ ਆਪ ਦੇ ਸਾਥ ਜਾਣ ਲਈ ਤਿਆਰ ਹੋ ਪਈ । ਪਰ ਗੁਰੂ ਜੀ ਦੇ ਹੁਕਮ ਅਨੁਸਾਰ ਮਾਤਾ ਕਿਸ਼ਨ ਕੌਰ ਤੇ ਮੁੱਖੀ ਗੁਰਸਿੱਖ ਨਾਲ ਟੁਰੇ । ਕਵੀ ਗੁਲਾਬ ਸਿੰਘ ਲਿਖਦਾ ਹੈ : ਮਾਤਾ ਜੀ ਕੋ ਕਹਿ ਤੇ ਭਏ ਹਮ ਸੰਗ ਡੈਮ ਭੀ ਦਿਲ ਚਲੋ । ਯਹੀ ਬਾਤ ਸੱਭ ਭਲੋ । ਬਚਨ ਮਾਨ ਮਾਤਾ ਜੀ ਕਹਾ ਸੋਈ ਸੱਤ ਜੋ ਤੁਮ ਮਨ ਚਾਹਾ ।
ਮਾਤਾ ਬੱਸੀ ( ਨਿਹਾਲ ਕੌਰ ) , ਮਾਤਾ ਕਿਸ਼ਨ ਕੋਰ ਭਾ : ਦਰਘਾਹ ਮੱਲ , ਨਾਲ ਸਨ । ਰੋਪੜ ਬਨੂੜ , ਰਾਜ ਪੁਰਾ , ਅੰਬਾਲਾ , ਪੰਜੋਖੜਾ ਆਦਿ ਪਿੰਡਾਂ ਵਿੱਚ ਵੀ ਗੁਰੂ ਜੀ ਸੰਗਤਾਂ ਨੂੰ ਤਾਰਦੇ , ਪ੍ਰਚਾਰ ਕਰਦੇ ਨਾਂਮ ਬਾਣੀ , ਪੇਟ ਪੂਰਤੀ ਦਾ ਲੰਗਰ ਰਾਹ ਵਿੱਚ ਲੋਕਾਈ ਨੂੰ ‘ ਛਕਾਉਂਦੇ ਗੁਰੂ ਜੀ ਦਿੱਲੀ ਪੁੱਜੇ । ਪੁੱਜਣ ਤੇ ਸਿੱਖ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਗੁਰੂ ਜੀ ਨੂੰ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿਚ ਠਹਿਰਾਇਆ । ਏਥੇ ਦਿੱਲੀ ਦੇ ਫਕੀਰਾਂ , ਸੂਫੀਆਂ ਤੇ ਪੰਡਤਾਂ ਨੇ ਗੁਰੂ ਜੀ ਨਾਲ ਗਿਆਨ ਗੋਸ਼ਟੀਆਂ ਕੀਤੀਆਂ ਗੁਰੂ ਜੀ ਦੇ ਗਿਆਨ ਚਰਚਾ ਨੇ ਹਰ ਇਕ ਨੂੰ ਮੋਹ ਲਿਆ । ਰਾਜਾ ਜੈ ਸਿੰਘ ਨੇ ਵੀ ਅਛੋਪਲੇ ਪ੍ਰੀਖਿਆ ਲਈ । ਇਨ੍ਹਾਂ ਨੂੰ ਸਿੱਧ ਹੋ ਗਿਆ ਕਿ ਗੁਰੂ ਜੀ ਇਕ ਪੂਰਨ ਮਹਾਂ ਪੁਰਸ਼ ਹਨ । ਜਿਹੜਾ ਪ੍ਰਸ਼ਨ ਰਾਜ ਜੈ ਸਿੰਘ ਪੁਛਦਾ ਤਾਂ ਗੁਰੂ ਜੀ ਦਾ ਉਤਰ ਸੁਣ ਹੈਰਾਨ ਹੋ ਜਾਂਦਾ । ਦਿੱਲੀ ਦੀ ਸੰਗਤ ਨੇ ਰਾਮ ਰਾਇ ਦਾ ਸਾਥ ਛਡ ਦਿੱਤਾ । ਏਸੇ ਸਮੇਂ ਵਿਚ ਦਿੱਲੀ ਸ਼ਹਿਰ ਵਿਚ ਹੈਜ਼ਾ ਤੇ ਚੇਚਕ ( ਮਾਤਾ ) ਦੀ ਬੀਮਾਰੀ ਫੈਲ ਗਈ । ਬਹੁਤੇ ਲੋਕ ਸ਼ਹਿਰ ਛਡ ਕੇ ਜਮਨਾ ਦਰਿਆ ਕੰਢੇ ਆ ਡੇਰੇ ਲਾਏ । ਗੁਰੂ ਜੀ ਆਪਣੀ ਸਿੱਖ ਸੰਗਤ ਨਾਲ ਲੈ ਦਿਨ ਰਾਤ ਇਨ੍ਹਾਂ ਦੀਨ ਦੁਖੀਆਂ ਦੀ ਦੇਖ ਭਾਲ ਕਰਦੇ । ਉਨ੍ਹਾਂ ਨੂੰ ਸਵੱਛ ਖੁਰਾਕ ਲੋੜੀਦੀਆਂ ਵਸਤੂਆਂ ਪੁਚਾਂਦੇ । ਮੁਸਲਮਾਨਾਂ ਵਿਚ ਗੁਰੂ ਬਾਲਾਪੀਰ ਕਰਕੇ ਪ੍ਰਸਿੱਧ ਹੋ ਗਏ । ਦਿੱਲੀ ਦੀ ਸਾਰੀ ਦੀ ਸੰਗਤ ਨੇ ਸਰਬ ਸੰਮਤੀ ਨਾਲ ਰਾਜੇ ਜੈ ਸਿੰਘ ਨੂੰ ਕਿਹਾ ਕਿ ਉਹ ਸਾਰੇ ਹੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਆਪਣਾ ਗੁਰੂ ਮੰਨਦੇ ਹਨ । ਜੈ ਸਿੰਘ ਨੇ ਸਿਖਾਂ ਦਾ ਇਹ ਫੈਸਲਾ ਬਾਦਸ਼ਾਹ ਤਕ ਪੁਚਾ ਦਿਤਾ । ਏਧਰ ਬਾਲ ਗੁਰੂ ਨੂੰ ਚੀਚਕ ਦੇ ਨਾਲ ਬਹੁਤ ਬੁਖਾਰ ਚੜ੍ਹ ਗਿਆ । ਪੰਜਵੇਂ ਦਿਨ ਗੁਰੂ ਜੀ ਨੇ ਮਾਤਾ ਕਿਸ਼ਨ ਕੌਰ ਜੀ ਨੂੰ ਕਿਹਾ , “ ਅਸੀਂ ਪ੍ਰਮਾਤਮਾ ਪਾਸ ਜਾ ਰਹੇ ਹਾਂ ਸੱਦਾ ਆ ਗਿਆ ਹੈ । ਮੁੱਖੀ ਸਿੱਖਾਂ ਨੂੰ ਬੁਲਾਓ । ਮਾਤਾ ਜੀ ਦੀਵਾਨ ਦਰਘਾਹ ਮੱਲ ਭਾਈ ਦਯਾ ਰਾਮ ਭਾਈ ਜੇਠਾ ਜੀ ਅਤੇ ਦਰਬਾਰੇ ਮੁਖੀ ਬੁਲਾਏ । ਸਭ ਸੰਗਤ ਵੈਰਾਗ ਵਿੱਚ ਲੀਨ ਹੋ ਗਈ । ਭਾਈ ਦਰਘਾਹ ਨੇ ਪੁੱਛਿਆ ਕਿ “ ਮਹਾਰਾਜ ਸੰਗਤ ਨੂੰ ਕਿਸ ਦੇ ਲੜ ਲਾ ਚਲੇ ਜੇ ? ” ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ : ਸੁਨ ਬੇਨਤੀ ਸਤਿਗੁਰ ਭਏ ਦਿਆਲ । ਕਹਾ ਸੀ ਮੁਖਬਰ ਬਚਨ ਬਿਸਾਲੇ । ਅਬ ਜਾਇ ਦਰਸ਼ਨ ਤੁਮ ਕਰੋ ਬਕਾਲੇ।ਤਹਾਂ ਰਹੇ ਬਾਬਾ ਜੀ ਦੀਨ ਦਿਆਲੇ । ਜਿਨੀ ਵਾਰ ਸੰਗਤ ਨੇ ਗੁਰੂ ਜੀ ਪਾਸੋਂ ਪੁਛਿਆ ਤਾਂ ਉਨਾਂ “ ਬਾਬਾ ਬਕਾਲੇ ” ਕਿਹਾ । ਗੁਰੂ ਸਾਹਿਬ ਦਾ ਸਸਕਾਰ ਤਿਲੋਖਰੀ ਬਾਰਾਂ ਪੁਲੇ ਕੀਤਾ । ਜਿਥੇ ਇਨ੍ਹਾਂ ਦੀ ਯਾਦ ਵਿਚ ਦਰਿਆ ਜਮਨਾ ਦੇ ਕੰਢੇ ਗੁਰਦੁਆਰਾ ਬਾਲਾ ਸਾਹਿਬ ਸਥਿਤ ਹੈ । ਬੰਗਲਾ ਸਾਹਿਬ ਗੁਰਦੁਆਰਾ ਵੀ ਗੁਰੂ ਜੀ ਦੀ ਯਾਦ ਵਿਚ ਰਾਜਾ ਜੈ ਸਿੰਘ ਦੀ ਹਵੇਲੀ ਵਿਚ ਬਣਿਆ ਹੋਇਆ ਹੈ । ਗੁਰੂ ਜੀ ਦੇ ਅਕਾਲ ਚਲਾਣੇ ਨਾਲ ਸੰਗਤਾਂ ਬੜਾ ਰੁਦਣ ਕਰਨ ਲੱਗੀਆਂ ਪਰ ਦਾਦੀ ਮਾਤਾ ਨਿਹਾਲ ਕੌਰ ਤੇ ਮਾਤਾ ਕਿਸ਼ਨ ਕੌਰ ਨੇ ਸੰਗਤ ਨੂੰ ਧੀਰਜ ਤੇ ਹੌਸਲਾ ਦਿੱਤਾ ਤੇ ਗੁਰਬਾਨੀ ਪੜਣ ਦਾ ਉਪਦੇਸ਼ ਦਿੱਤਾ । ਮਾਤਾ ਕਿਸ਼ਨ ਕੋਰ ਜੀ ਬੜੇ ਸਿਦਕ ਵਿਚ ਰਹਿ ਕਿਤੇ ਅੱਖਾਂ ਵਿਚ ਨੀਰ ਨਹੀਂ ਰਹਿਣ ਦਿੱਤਾ ਸਗੋਂ ਸਿੱਖਾਂ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਲਈ ਕਹਿੰਦੇ ਰਹੇ । ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ
ਗੁਰ ਨਿਰਮਲ ਤਨ ਇਸਨਾਲ ਕਰਾਇਆ || ਚਰਚ ਸੁਗੰਧਿ ਬਸਤਰ ਪਹਿਰਾਇਆ । ਬਿਬਾਨ ਅਰੂੜ ਕਰ ਲੇ ਸਿੱਖ ਚਲੇ ਪਗ ਪਗ ਭਜਨ ਹੋਤਿ ਬਿਧ ਭਲੇ । ਭਇਆ ਬਾਗ ਖੁੱਲੇ ਚਿਤਾ ਆਸਥਾਨ । ਤਹਾਂ ਲੇ ਪਹੁਚੇ ਸਿੱਖ ਸੁਜਾਨ ਧਰ ਚੰਦਨ ਚਿ ਕੀਨ ਸਿਸਕਾਰ । ਉਦਭੁਤ ਲੀਲਾ ਗੁਰ ਕਰਤਾਰ । ਮਾਤਾ ਕ੍ਰਿਸ਼ਨ ਕੌਰ , ਦਾਦੀ ਮਾਤਾ ਤੇ ਚਾਰ ਦਰਬਾਰੀ ਮੁੱਖੀ ਸਿੱਖ ਤੇ ਸਭ ਗੁਰਿਆਈ ਲਈ ਵਸਤੂਆਂ ਜਿਵੇਂ ਨਾਰੀਅਲ , ਪੰਜ ਪੈਸੇ , ਕਲਗੀ , ਬਾਜ ਮਾਲਾ , ਪੋਥੀ ਸਾਹਿਬ ਪਹਿਲਾਂ ਕੀਰਤਪੁਰ ਲੈ ਕੇ ਪੁੱਜੇ ਉਥੋਂ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਦੇ ਪੋਤੇ ਨੂੰ ਲਾਲ ਲੈਕੇ ਮਾਤਾ ਕਿਸ਼ਨ ਕੌਰ ਜੀ ਬਕਾਲੇ ਆਏ । ਔਰੰਗਜੇਬ ਨੇ ਰਾਮ ਰਾਇ ਦਾ ਮਾਨ ਰੱਖਣ ਲਈ ਛੇ ਪਿੰਡ ਦੀ ਜਾਗੀਰ ਦੇ ਦਿੱਤੀ । ਜਿਥੇ ਇਸ ਨੇ ਡੇਹਰਾ ਦੂਨ ਸ਼ਹਿਰ ਬਣਾਇਆ । ਇਤਿਹਾਸ ਵਿਚ ਆਉਂਦਾ ਹੈ ਕਿ ਧੀਰ ਮੱਲ ਨੂੰ “ ਬਾਬਾ ਬਕਾਲੇ ਵਿੱਚ ਹੈ ਦਾ ਪਤਾ ਲਗਾ ਕਿ ਗੁਰੂ ਹਰਿ ਕ੍ਰਿਸ਼ਨ ਜੀ ਕਹਿ ਗਏ ਹਨ । ਉਸ ਨੇ ਆਪਣੇ ਮਸੰਦ ਕੀਤਪੁਰ ਭੇਜ ਕੇ ਗੁਰਿਆਈ ਵਾਲੀਆਂ ਵਸਤੂਆਂ ਕਾਫੀ ਪੈਸੇ ਦੇ ਕੇ ਪ੍ਰੀਦਣੀਆਂ ਚਾਹੀਆਂ ਜਦੋਂ ਇਹ ਦਰਬਾਰੀ ਸਿੱਖ ਮਾਤਾ ਕਿਸ਼ਨ ਕੌਰ ਜੀ ਨੂੰ ਨਾਲ ਲੈ ਕੇ ਬਕਾਲੇ ਪੁੱਜੇ ਤਾਂ ਇਧਰ ਹਰਿ ਜੀ ਮੀਣਾ ਗੱਦੀ ਲਾਈ ਬੈਠਾ ਸੀ । ਪ੍ਥੀਏ ਦਾ ਪੋਤਾ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਨਹੀਂ ਸਨ ਕਰਨ ਦਿੱਤੇ।ਉਧਰ ਧੀਰ ਮੱਲ ਆਦਿ ਗ੍ਰੰਥ ਦਾ ਪ੍ਰਕਾਸ਼ ਕਰੀ ਬੈਠਾ ਆਪਣੇ ਆਪ ਨੂੰ ਗੁਰੂ ਕਹਿਲਾ ਸੰਗਤਾਂ ਨੂੰ ਧੋਖਾ ਦੇ ਰਿਹਾ ਸੀ । ਗਲ ਕੀ ਲਿਖਿਆ ਇਸ ਤਰ੍ਹਾਂ ੨੨ ਮੰਜੀਆਂ ਡਾਹੀ ਬੈਠੇ ਸਨ । ਜਦੋਂ ਇਸਤਰਾਂ ਦਾ ਮਾਹੌਲ ਮਾਤਾ ਕਿਸ਼ਨ ਕੌਰ ਜੀ ਨੇ ਡਿੱਠਾ ਤਾਂ ਇਨ੍ਹਾਂ ਇਕ ਚਿੱਠੀ ਲਿਖ ਭਾਈ ਦੁਆਰਕਾ ਜੀ ( ਗੁਰੂ ਅਮਰਦਾਸ ਦੀ ਬੰਸ ਵਿਚੋਂ ) ਨੂੰ ਸੱਦ ਘੱਲਿਆ।ਉਹ ਭਾਈ ਗੜੀਆ ਜੀ ( ਸਿੱਧ ਗੁਰਸਿੱਖ ਅੰਮ੍ਰਿਤਸਰ ਦਾ ) ਨੂੰ ਵੀ ਨਾਲ ਲੈ ਆਏ । ਹੁਣ ਇਨ੍ਹਾਂ ਸਾਰਿਆਂ ਬ੍ਰਹਮ ਗਿਆਨੀਆਂ ਗੁਰਸਿੱਖਾਂ ਨੂੰ ਨਾਲ ਲੈ ਮਾਤਾ ਕ੍ਰਿਸ਼ਨ ਕੌਰ ਗੁਰਿਆਈ ਦੀਆਂ ਸਾਰੀਆਂ ਵਸਤੂਆਂ ਲੈ ਕੇ ਗੁਰੂ ਤੇਗ ਬਹਾਦਰ ਜੀ ਸਾਹਿਬ ਅੱਗੇ ਰੱਖ ਉਸ ਨੂੰ ਮੱਥਾ ਟੇਕ ਦਿੱਤਾ । ਉਨ੍ਹਾਂ ਇਹ ਸਾਰੀਆਂ ਵਸਤੂਆਂ ਤੇ ਗੁਰਿਆਈ ਸਵੀਕਾਰ ਕਰਦਿਆਂ ਬਚਨ ਕੀਤਾ ਕਿ “ ਇਹ ਪ੍ਰਭੂ ਕੀ ਦਾਤ ਹੈ ਇਸ ਦਾ ਢੰਡੋਰਾ ਪਿਟਨ ਦੀ ਲੋੜ ਨਹੀਂ ਹੈ ਅਸੀਂ ਇਨ੍ਹਾਂ ੨੨ ਦੁਕਾਨਦਾਰਾਂ ਤੋਂ ਆਪਣੀ ਚਰਚਾ ਨਹੀਂ ਕਰਾਉਣੀ ਚਾਹੁੰਦੇ ਨਾ ਕਿਸੇ ਨਾਲ ਵੈਰ ਵਿਰੋਧ ਪੌਣ ਦੀ ਲੋੜ ਹੈ । ਅਕਾਲ ਪੁਰਖ ਸੰਗਤ ਨੂੰ ਆਪਣੇ ਆਪ ਸਚਾਈ ਜ਼ਾਹਿਰ ਕਰੇਗਾ । ਮਹਿਮਾ ਪ੍ਰਕਾਸ਼ ਵਿਚ ਇਓਂ ਲਿਖਿਆ ਲੈ ਗੜੀਆ ਅਨੰਦ ਰਸ ਪਾਰਸ । ਸਤਿਗੁਰੂ ਉਸਤਤਿ ਕਰਨੇ ਲਾਗਾ ॥ ਪੁਨ ਸਤਿਗੁਰ ਕੀ ਅੰਸ ਦੁਆਰਕਾ ਦਾਸ ( ਲੇ ਤਿਲਕ ਨਲੀਅਰ ਗਏ ਗੁਰਪਾਸ । ਬਹੁ ਗੁਰਮੁਖ ਗੜੀਆ ਸੰਗ ਲੀਨਾ । ਗਏ ਹਾਂ ਜਹਾਂ ਪ੍ਰਭ ਅਸੀਨਾ ।
ਮਾਤਾ ਜੀ ਇਸ ਤਰ੍ਹਾਂ ਇਹ ਵਸਤੂਆਂ ਗੁਰੂ ਤੇਗ ਬਹਾਦਰ ਜੀ ਨੂੰ ਪੁਚਾ ਮੁਖੀ ਸਿੱਖ ਨਾਲ ਸਨ , ਅੰਮ੍ਰਿਤਸਰ , ਤਰਨਤਾਰਨ , ਖਡੂਰ ਸਾਹਿਬ , ਗੋਇੰਦਵਾਲ , ਕਰਤਾਰਪੁਰ ਦੇ ਦਰਸ਼ਨ ਕਰ ਵਾਪਸ ਕੀਰਤਪੁਰ ਪੁੱਜੇ । ਇਤਿਹਾਸ ਵਿੱਚ ਆਉਂਦਾ ਹੈ , ਮਾਤਾ ਕਿਸ਼ਨ ਕੌਰ ਜੀ ਨੇ ਕੀਰਤਪੁਰ ਰਹਿ ਸਿੱਖ ਸੰਗਤ ਨੂੰ ਪ੍ਰਚਾਰ ਤੇ ਗੁਰੂ ਉਪਦੇਸ਼ ਦੇਂਦੇ ਰਹੇ । ਜਦੋਂ ਗੁਰੂ ਤੇਗ ਬਹਾਦਰ ਜੀ ਲੰਬੀ ਪ੍ਰਚਾਰ ਯਾਤਰਾ ਤੇ ਆਸਾਮ ਵੱਲ ਗਏ ਇਨ੍ਹਾਂ ਪਿਛੋਂ ਗੁਰੂ ਜੀ ਦੀ ਗੈਰ ਹਾਜ਼ਰੀ ਵਿਚ ਪੂਰੀ ਸੇਧ ਦੇ ਕੇ ਸਿੱਖੀ ਰਹਿਤ ਮਰਿਯਾਦਾ ਲੰਗਰ ਆਦਿ ਦੀ ਸੇਵਾ ਕਰਦੇ ਰਹੇ । ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਭੋਗ ਉਪ੍ਰੰਤ ਮਾਤਾ ਕਿਸ਼ਨ ਕੌਰ ਜੀ ਨੇ ਗੁਰੂ ਗੋਬਿੰਦ ਰਾਇ ਜੀ ਨੂੰ ਪਗੜੀ ਭੇਟ ਕੀਤੀ । ਗੁਰੂ ਕੀ ਸਾਖੀਆ ” ਵਿਚ ਲਿਖਿਆ ਹੈ , “ ਬਚਨ ਪਾਇ ਦੀਵਾਨ ਦਰਘਾਹ ਮਲ ਆਗੇ ਆਏ ਬੈਠੇ ਮਾਤਾ ਸੁਲੱਖਣੀ ( ਕਿਸ਼ਨ ਕੌਰ ) ਨੇ ਪਗੜੀ ਭੇਂਟ ਕੀਤੀ । “ ਗੁਰੂ ਕੀ ਸਾਖੀਆਂ ਵਿਚ ਮਾਤਾ ( ਹਰੀ ਜੀ ) ਸੁਪੱਤਨੀ ਬਾਬਾ ਸੂਰਜ ਮਲ ਦੀ ਮਕਾਣ ਅਫਸੋਸ ਲਈ ੧੭੦੧ ਈ : ਵਿਚ ਆਏ ਦੱਸੇ ਹਨ।ਆਪ ਤਕਰੀਬਨ ੭੦ ਸਾਲ ਦੀ ਉਮਰ ਭੋਗ ਕੇ ਅਕਾਲ ਵਸ ਹੋਏ ॥ ਮਾਤਾ ਕਿਸ਼ਨ ਕੌਰ ਜੀ ਨੇ ਸਿੱਖ ਧਰਮ ਦੀ ਮਹਾਨ ਸੇਵਾ ਕੀਤੀ ਕਿਉਂਕਿ ਆਪ ਤੇ ਸਿੱਖੀ ਦਾ ਬਹੁਤ ਪ੍ਰਭਾਵ ਤੇ ਪ੍ਰਭੂ ਰੰਗ ਵਿਚ ਰਤੇ ਰਹਿੰਦੇ ਗੁਰ ਸਿਧਾਂਤ ਦਾ ਪ੍ਰਚਾਰ ਕਰ ਕੇ ਸਿੱਖ ਲਹਿਰ ਅੱਗੇ ਤੋਰਨ ਲਈ ਮਹਾਨ ਯੋਗਦਾਨ ਪਾਇਆ । ਨਾਮ ਰਸ ਵਿਚ ਗੜੈਦ ਬ੍ਰਹਮ ਵੇਤਾ , ਬਹੁਤ ਦ੍ਰਿੜ੍ਹ ਤੇ ਧੀਰਜ ਵਾਨ ਸਨ । ਬਹੁਤ ਮੁਸ਼ਕਲਾਂ ਵਿਚ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ ਇਸਤਰੀ ਜਾਤੀ ਨੂੰ ਇਕ ਉਦਾਹਰਣ ਤੇ ਚਾਨਣ ਮੁਨਾਰੇ ਦਾ ਕੰਮ ਦੇ ਰਹੇ ਹਨ ।
ਦਾਸ ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top